ਬੇਗਮਪੁਰਾ ਵਿੱਚ ਸਰਪੰਚੀ ਲਈ ਸੱਸ-ਨੂੰਹ ’ਚ ਪੇਚਾ

ਬੇਗਮਪੁਰਾ ਪਿੰਡ ਵਿੱਚ ਪੰਚਾਂ ਦੀ ਚੋਣ ਤਾਂ ਸਰਬਸੰਮਤੀ ਨਾਲ ਹੋ ਗਈ, ਪਰ ਸਰਪੰਚੀ ਨੂੰ ਲੈ ਕੇ ਅਜਿਹਾ ਪੇਚ ਫਸਿਆ ਕਿ ਨੂੰਹ-ਸੱਸ ਆਹਮੋ-ਸਾਹਮਣੇ ਆ ਗਈਆਂ ਹਨ। ਇੱਕੋ ਘਰ ਦੇ ਦੋ ਮੈਂਬਰ ਸਰਪੰਚੀ ’ਤੇ ਦਾਅਵੇਦਾਰੀ ਜਤਾ ਰਹੇ ਹਨ। ਨੂੰਹ ਕਮਲਜੀਤ ਕੌਰ ਪੜ੍ਹੀ ਲਿਖੀ ਤੇ ਅਗਾਂਹਵਧੂ ਸੋਚ ਦੇ ਦਮ ’ਤੇ ਚੋਣ ਲੜ ਰਹੀ ਹੈ ਜਦਕਿ ਉਸ ਦੀ ਸੱਸ ਪੰਦਰਾਂ ਸਾਲਾਂ ਤੋਂ ਪੰਚੀ ਦੇ ਤਜਰਬੇ ਨੂੰ ਮੁੱਖ ਰੱਖ ਕੇ ਚੋਣ ਲੜ ਰਹੀ ਹੈ। ਹਾਲਾਂਕਿ ਦੋਵਾਂ ਦੇ ਮੁੱਦੇ ਇੱਕੋ ਜਿਹੇ ਹੀ ਹਨ। ਨੂੰਹ-ਸੱਸ ਦੀ ਸਰਪੰਚੀ ਦੀ ਲੜਾਈ ਨੇ ਪਿੰਡ ਵਾਸੀਆਂ ਨੂੰ ਵੀ ਦੋ ਧੜ੍ਹਿਆਂ ਵਿੱਚ ਵੰਡ ਕੇ ਰੱਖ ਦਿੱਤਾ ਹੈ। 60 ਘਰਾਂ ਵਾਲੇ ਇਸ ਪਿੰਡ ਦੀਆਂ ਕੁੱਲ 160 ਵੋਟਾਂ ਹਨ, ਪਰ ਇਨ੍ਹਾਂ ਵਿੱਚੋਂ 130 ਵੋਟਾਂ ਹੀ ਪੋਲ ਹੋਣੀਆਂ ਹਨ। ਪਿੰਡ ਦੇ ਵੋਟਰ ਨੂੰਹ-ਸੱਸ ਦੇ ਮੁਕਾਬਲੇ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਹਨ ਕਿ ਉਹ ਕਿਸ ਨੂੰ ਵੋਟ ਪਾਉਣ। ਵੋਟਰਾਂ ਲਈ ਵੱਡਾ ਧਰਮ ਸੰਕਟ ਖੜ੍ਹਾ ਹੋ ਗਿਆ ਹੈ। ਕਮਲਜੀਤ ਕੌਰ ਦਾ ਕਹਿਣਾ ਸੀ ਕਿ ਨਵੀਂ ਪੀੜ੍ਹੀ ਦੀ ਨਵੀਂ ਸੋਚ ਹੈ। ਪਹਿਲਾਂ ਗੱਲਾਂ ਹੋਰ ਹੁੰਦੀਆਂ ਸਨ, ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਸਰਕਾਰਾਂ ਪੰਚਾਇਤਾਂ ਨੂੰ ਕਾਫ਼ੀ ਸਹੂਲਤਾਂ ਦਿੰਦੀਆਂ ਹਨ, ਪਰ ਜਿਹੜੇ ਸਰਪੰਚ ਘੱਟ ਪੜ੍ਹੇ ਲਿਖੇ ਹਨ ਉਹ ਸਹੀ ਢੰਗ ਨਾਲ ਆਪਣੇ ਪਿੰਡਾਂ ਲਈ ਸਹੂਲਤਾਂ ਨਹੀਂ ਲਿਆ ਸਕਦੇ। ਕਮਲਜੀਤ ਕੌਰ ਦਾ ਕਹਿਣਾ ਸੀ ਕਿ ਉਹ ਪਿੰਡ ਵਿੱਚ ਲਾਈਟਾਂ, ਸੜਕਾਂ ਅਤੇ ਗੰਦੇ ਨਾਲੇ ਦੀ ਸਫਾਈ ਅਤੇ ਹੋਰ ਮੁੱਦਿਆਂ ’ਤੇ ਚੋਣ ਲੜ ਰਹੀ ਹੈ। ਕਮਲਜੀਤ ਕੌਰ ਦੀ ਸੱਸ ਬਿਮਲਾ ਰਾਣੀ ਦਾ ਕਹਿਣਾ ਸੀ ਕਿ ਉਹ 15 ਸਾਲ ਪੰਚ ਰਹੀ ਹੈ ਤੇ ਉਸ ਨੂੰ ਕੰਮ ਕਰਨ ਦਾ ਖਾਸਾ ਤਜਰਬਾ ਹੈ। ਉਸ ਨੇ ਬੜੇ ਭਰੋਸੇ ਨਾਲ ਕਿਹਾ ਕਿ ਪੜ੍ਹੇ ਲਿਖੇ ਦਾ ਫ਼ਰਕ ਤਾਂ ਜ਼ਰੂਰ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਪੜ੍ਹਿਆ-ਲਿਖਿਆ ਹੀ ਸਾਰੇ ਕੰਮ ਕਰਵਾ ਸਕਦਾ ਹੈ। ਕਈ ਵਾਰ ਅਨਪੜ੍ਹ ਉਸ ਤੋਂ ਵੀ ਉਪਰ ਦੀ ਹੋ ਸਕਦਾ ਹੈ। ਬਿਮਲਾ ਰਾਣੀ ਦਾ ਕਹਿਣਾ ਸੀ ਕਿ ਪਹਿਲਾਂ ਅੰਗੂਠਾ ਛਾਪ ਵੀ ਸਰਪੰਚ ਬਣ ਕੇ ਵਧੀਆ ਕੰੰਮ ਕਰਦੇ ਰਹੇ ਹਨ। ਮਿੱਠੀ ਟਕੋਰ ਕਰਦਿਆਂ ਬਿਮਲਾ ਰਾਣੀ ਨੇ ਕਿਹਾ ਕਿ ਜੇ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਅਨਪੜ੍ਹ ਸਰਪੰਚ ਵੀ ਨਹੀਂ ਬਣ ਸਕਦਾ। ਵੱਡਾ ਦਿਲ ਕਰਦਿਆਂ ਉਸ ਨੇ ਕਿਹਾ ਜੇ ਉਸ ਦੀ ਨੂੰਹ ਵੀ ਜਿੱਤ ਜਾਂਦੀ ਹੈ ਤਾਂ ਉਸ ਨੂੰ ਵਧਾਈਆਂ ਦੇਵੇਗੀ ਤੇ ਪਿੰਡ ਦੇ ਵਿਕਾਸ ਲਈ ਚੰਗੀ ਉਮੀਦ ਵੀ ਰੱਖੇਗੀ।