‘ਗੱਬਰ ਸਿੰਘ ਟੈਕਸ’ ਨੇ ਪ੍ਰਧਾਨ ਮੰਤਰੀ ਨੂੰ ਗੂੜ੍ਹੀ ਨੀਂਦ ਤੋਂ ਜਗਾਇਆ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੀਐੱਸਟੀ ਦੀ ਸਲੈਬ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਬਿਆਨ ’ਤੇ ਉਨ੍ਹਾਂ ਉੱਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ‘ਗੱਬਰ ਸਿੰਘ ਟੈਕਸ’ ਉੱਤੇ ਪ੍ਰਧਾਨ ਮੰਤਰੀ ਨੂੰ ਡੂੰਘੀ ਨੀਂਦ ਤੋਂ ਜਗਾ ਦਿੱਤਾ ਹੈ ਪਰ ਉਹ ਹਾਲੇ ਵੀ ਹਲਕਾ-ਹਲਕਾ ਊਂਘ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਜਿਹੜੇ ਵਿਚਾਰ ਨੂੰ ‘ਗਰੈਂਡ ਸਟੂਪਿਡ ਥਾਟ’ (ਬਹੁਤ ਹੀ ਬਕਵਾਸ ਵਿਚਾਰ) ਕਿਹਾ ਸੀ, ਹੁਣ ਉਸੇ ਨੂੰ ਲਾਗੂ ਕਰਨਾ ਚਾਹੁੰਦੇ ਹਨ।
ਸ੍ਰੀ ਗਾਂਧੀ ਨੇ ਟਵੀਟ ਕੀਤਾ,‘ਆਖਰਕਾਰ ਕਾਂਗਰਸ ਪਾਰਟੀ ਨੇ ਨਰਿੰਦਰ ਮੋਦੀ ਜੀ ਨੂੰ ਗੱਬਰ ਸਿੰਘ ਟੈਕਸ ਉੱਤੇ ਗੂੜ੍ਹੀ ਨੀਂਦ ’ਚੋਂ ਜਗਾ ਦਿੱਤਾ। ਹਾਲਾਂਕਿ ਉਹ ਊਂਘ ਰਹੇ ਹਨ, ਹੁਣ ਉਹ ਕਾਂਗਰਸ ਦੇ ਉਸ ਵਿਚਾਰ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਨ, ਜਿਸਨੁੂੰ ਉਨ੍ਹਾਂ ‘ਗਰੈਂਡ ਸਟੂਪਿਡ ਥਾਟ’ ਕਿਹਾ ਸੀ। ਉਨ੍ਹਾਂ ਕਿਹਾ,‘ਨਰਿੰਦਰ ਮੋਦੀ ਜੀ, ਦੇਰ ਆਏ, ਦਰੁਸਤ ਆਏ।’ਦਰਅਸਲ, ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿਚ 99 ਫੀਸਦੀ ਵਸਤੂਆਂ ਜੀਐੱਸਟੀ 18 ਫੀਸਦੀ ਸਲੈਬ ਵਿਚ ਆ ਸਕਦੀਆਂ ਹਨ। ਉਨ੍ਹਾਂ ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿਚ ਕਿਹਾ ਸੀ ਕਿ ਕੇਂਦਰ ਸਰਕਾਰ 99 ਫੀਸਦੀ ਵਸਤਾਂ ਨੂੰ 18 ਫੀਸਦੀ ਦੇ ਸਲੈਬ ਵਿਚ ਲਿਆਉਣ ਉੱਤੇ ਕੰਮ ਕਰ ਰਹੀ ਹੈ।