ਹਾਮਿਦ ਅਨਸਾਰੀ ਘਰ ਪੁੱਜਿਆ

ਜਾਸੂਸੀ ਦੇ ਦੋਸ਼ ਹੇਠ ਪਾਕਿਸਤਾਨੀ ਜੇਲ੍ਹ ਵਿਚ ਛੇ ਸਾਲ ਕੱਟਣ ਮਗਰੋਂ ਭਾਰਤ ਪੁੱਜੇ ਸਾਫਟਵੇਅਰ ਇੰਜਨੀਅਰ ਹਾਮਿਦ ਅਨਸਾਰੀ ਅੱਜ ਮੁੰਬਈ ਸਥਿਤ ਆਪਣੇ ਘਰ ਪੁੱਜ ਗਿਆ। ਉਸ ਨੇ ਪੁਰਾਣੇ ਜ਼ਖਮ ਕੁਰੇਦਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦਾ ਹੈ। ਮੁੰਬਈ ਏਅਰਪੋਰਟ ਉੱਤੇ ਪੁੱਜਣ ਉੱਤੇ ਅਨਸਾਰੀ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਸਦਾ ਸੁਆਗਤ ਕੀਤਾ। ਉਸ ਨੇ ਕਿਹਾ ਕਿ ਉਹ ਪਹਿਲਾਂ ਇੱਕ ਨੌਕਰੀ ਲੱਭਣ ਦਾ ਯਤਨ ਕਰੇਗਾ ਅਤੇ ਇਸ ਤੋਂ ਬਾਅਦ ਆਪਣੇ ਲਈ ਜੀਵਨ ਸਾਥੀ ਲੱਭੇਗਾ। ਅਨਸਾਰੀ ਨੇ ਕਿਹਾ,‘ਪਿਛਲੇ ਸਮੇਂ ਵਿਚ ਮੇਰੇ ਨਾਲ ਜੋ ਕੁਝ ਵੀ ਹੋਇਆ, ਮੈਂ ਉਸਨੂੰ ਯਾਦ ਨਹੀਂ ਕਰਨਾ ਚਾਹੁੰਦਾ। ਮੈਂ ਆਪਣੇ ਭਵਿੱਖ ’ਤੇ ਧਿਆਨ ਦੇਣਾ ਚਾਹੁੰਦਾ ਹਾਂ। ਹਾਮਿਦ ਅਨਸਾਰੀ ਨੂੰ ਪਾਕਿਸਤਾਨ ਵਿਚ ਸਾਲ 2012 ਵਿਚ ਗੈਰਕਾਨੂੰਨੀ ਢੰਗ ਨਾਲ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਵਿਚ ਇੰਟਰਨੈੱਟ ਜ਼ਰੀਏ ਬਣੀ ਦੋਸਤ ਬਣੀ ਇੱਕ ਲੜਕੀ ਨੂੰ ਮਿਲਣ ਲਈ ਦਾਖ਼ਲ ਹੋਣ ਮੌਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਨੇ ਉਸ ਉਤੇ ਜਾਸੂਸੀ ਦੇ ਦੋਸ਼ ਲਾਏ ਸਨ। ਉਸ ਨੂੰ ਮੰਗਲਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ ਸੀ। ਏਅਰਪੋਰਟ ਉੱਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਸਾਰੀ ਨੇ ਕਿਹਾ ਕਿ ਉਸ ਨੇ ਪਿਛਲੇ ਸਮੇਂ ਵਿਚ ਗਲਤੀਆਂ ਕੀਤੀਆਂ ਹਨ ਪਰ ਹੁਣ ਉਹ ਆਪਣੇ ਭਵਿੱਖ ’ਤੇ ਧਿਆਨ ਦੇਣਾ ਚਾਹੁੰਦਾ ਹੈ। ਮੈਂ ਉਨ੍ਹਾਂ ਗੱਲਾਂ ਵਿਚ ਨਹੀਂ ਜਾਣਾ ਚਾਹੁੰਦਾ। ਮੇਰੇ ਖੁਦ ਦੇ ਕਈ ਪਾਪ ਅਤੇ ਗਲਤੀਆਂ ਹਨ।