ਸਿੱਖ ਕਤਲੇਆਮ ਪੀੜਤਾਂ ਨੇ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗੀ

ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਲੁਧਿਆਣਾ ਦੇ ਦੁੱਗਰੀ ਦੀ ਸੀਆਰਪੀ ਕਲੋਨੀ ਵਿਚ ਰਹਿੰਦੇ ਕਤਲੇਆਮ ਪੀੜਤਾਂ ਨੇ ਜਿੱਥੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ, ਉਥੇ ਤਸੱਲੀ ਵੀ ਪ੍ਰਗਟਾਈ। ਪੀੜਤ ਪਰਿਵਾਰਾਂ ਦਾ ਇਹ ਵੀ ਕਹਿਣਾ ਸੀ ਕਿ ਸੱਜਣ ਕੁਮਾਰ ਨੂੰ ਫਾਂਸੀ ਹੋਣੀ ਚਾਹੀਦੀ ਹੈ। ਸਿੱਖ ਕਤਲੇਆਮ ਦੇ ਕਈ ਪੀੜਤ ਪਰਿਵਾਰ ਲੁਧਿਆਣਾ ਦੀ ਸੀਆਰਪੀ ਕਲੋਨੀ ਵਿਚ ਰਹਿੰਦੇ ਹਨ, ਜਿਨ੍ਹਾਂ ਨੇ ਅੱਜ 34 ਸਾਲਾਂ ਬਾਅਦ ਅਦਾਲਤੀ ਫ਼ੈਸਲੇ ’ਤੇ ਕੁਝ ਰਾਹਤ ਮਹਿਸੂਸ ਕੀਤੀ ਹੈ। ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਕਤਲੇਆਮ ਪੀੜਤ ਪਰਿਵਾਰ ਸੀਆਰਪੀ ਕਲੋਨੀ ਵਿਚ ਇਕੱਠੇ ਹੋ ਗਏ। ਇਸ ਦੌਰਾਨ ਗੱਲ ਕਰਦੇ ਹੋਏ ਪੀੜਤ ਭੁਪਿੰਦਰ ਕੌਰ ਨੇ ਕਿਹਾ ਕਿ ਉਹ ਉਸ ਦਿਨ ਨੂੰ ਕਦੇ ਭੁੱਲ ਨਹੀਂ ਸਕਦੀ, ਜਿਸ ਦਿਨ ਦਿੱਲੀ ਸਥਿਤ ਸੁਲਤਾਨਪੁਰੀ ਵਿਚ ਭੜਕੇ ਹੋਏ ਲੋਕ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ ਸਨ। ਉਸ ਦੇ ਪਤੀ ਬੰਤ ਸਿੰਘ, ਦਿਓਰ ਕੁਲਵੰਤ ਸਿੰਘ, ਚਾਚਾ ਮੱਘਰ ਸਿੰਘ ਤੇ 21 ਸਾਲ ਦੇ ਭਾਣਜੇ ਸਰਵਨ ਸਿੰਘ ਨੂੰ ਬਾਹਰ ਕੱਢ ਲਿਆ। ਸਾਰਿਆਂ ਨੂੰ ਉਸ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਗੁਰਦਿਆਲ ਕੌਰ ਨੇ ਦੱਸਿਆ ਕਿ ਕਤਲੇਆਮ ਕਰਨ ਵਾਲੇ ਲੋਕਾਂ ਨੇ ਉਸ ਦੀਆਂ ਦੋ ਧੀਆਂ ਦਾ ਕਤਲ ਕਰ ਦਿੱਤਾ ਸੀ, ਇਸੇ ਪੀੜ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਬਿਰਧ ਔਰਤ ਗੁਰਦੇਵ ਕੌਰ ਨੇ ਦੱਸਿਆ ਕਿ ਕਤਲੇਆਮ ਦੌਰਾਨ ਉਸ ਦੇ ਪਤੀ ਨੂੰ ਮਾਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਸਾਰਾ ਕੁਝ ਉਸਦੀਆਂ ਅੱਖਾਂ ਸਾਹਮਣੇ ਕੀਤਾ, ਪਰ ਉਹ ਕੁਝ ਨਹੀਂ ਕਰ ਸਕੀ ਸੀ। ਉਨ੍ਹਾਂ ਕਿਹਾ ਕਿ ਅੱਜ ਆਏ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਕੁਝ ਰਾਹਤ ਤਾਂ ਮਿਲੀ ਹੈ, ਪਰ ਮੁਲਜ਼ਮਾਂ ਨੂੰ ਉਮਰ ਕੈਦ ਨਹੀਂ, ਬਲਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।