ਗਹਿਲੋਤ ਨੇ ਰਾਜਸਥਾਨ, ਕਮਲ ਨਾਥ ਨੇ ਮੱਧ ਪ੍ਰਦੇਸ਼ ਤੇ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਸੀਨੀਅਰ ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਅੱਜ ਰਾਜਸਥਾਨ ਦੇ ਮੁੱਖ ਮਤਰੀ ਵਜੋਂ ਜਦਕਿ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਸੂਬੇ ਦੇ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਕਮਲ ਨਾਥ ਨੇ ਮੱਧ ਪ੍ਰਦੇਸ਼ ਕਾਂਗਰਸ ਆਗੂ ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
ਸੀਨੀਅਰ ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਅੱਜ ਰਾਜਸਥਾਨ ਦੇ ਨਵੇਂ ਮੁੱਖ ਮਤਰੀ ਵਜੋਂ ਸਹੁੰ ਚੁੱਕੀ ਜਦਕਿ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਸੂਬੇ ਦੇ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲਿਆ।
ਰਾਜਪਾਲ ਕਲਿਆਣਾ ਸਿੰਘ ਨੇ ਇਤਿਹਾਸਕ ਅਲਬਰਟ ਹਾਲ ’ਚ ਸ੍ਰੀ ਗਹਿਲੋਤ ਦੇ ਦਫ਼ਤਰ ’ਚ ਸ੍ਰੀ ਗਹਿਲੋਤ ਤੇ ਸ੍ਰੀ ਪਾਇਲਟ ਨੂੰ ਸਹੁੰ ਚੁਕਵਾਈ। ਸ੍ਰੀ ਪਾਇਲਟ ਨੇ ਬਤੌਰ ਮੰਤਰੀ ਤੇ ਸੂਬੇ ਦੇ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਰਹੀ ਵਸੁੰਧਰਾ ਰਾਜੇ ਤੋਂ ਇਲਾਵਾ ਐੱਨਸੀਪੀ ਮੁਖੀ ਸ਼ਰਦ ਪਵਾਰ, ਟੀਡੀਪੀ ਸੁਪਰੀਮੋ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ
ਵੀ ਸਮਾਗਮ ’ਚ ਹਾਜ਼ਰ ਸਨ। ਸ੍ਰੀ ਗਹਿਲੋਤ ਦੇਸ਼ ਦੇ ਚੌਥੇ ਆਗੂ ਬਣ ਗਏ ਹਨ ਜੋ ਕਿਸੇ ਸੂਬੇ ਦੇ ਤੀਜੀ ਵਾਰ ਮੁੱਖ ਮੰਤਰੀ ਬਣੇ ਹੋਣ। ਸ੍ਰੀ ਪਾਇਲਟ ਨੇ ਇਸ ਮੌਕੇ ਕਾਂਗਰਸ ਦੀ ਜਿੱਤ ਦੇ ਚਿੰਨ੍ਹ ਵਜੋਂ ਰਵਾਇਤੀ ਪਗੜੀ ਬੰਨ੍ਹੀ ਹੋਈ ਸੀ।
ਕਾਂਗਰਸ ਆਗੂ ਕਮਲ ਨਾਥ ਨੇ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਗਵਰਨਰ ਆਨੰਦੀਬੇਨ ਪਟੇਲ ਨੇ ਕਮਲ ਨਾਥ ਨੂੰ ਅਹੁਦੇ ਦੀ ਸਹੁੰ ਚੁਕਵਾਈ। ਉਨ੍ਹਾਂ ਨਾਲ ਕਿਸੇ ਵੀ ਹੋਰ ਮੰਤਰੀ ਨੇ ਸਹੁੰ ਨਹੀਂ ਚੁੱਕੀ।
ਕਾਂਗਰਸ ਨੇ ਲੰਘੇ ਵੀਰਵਾਰ ਨੂੰ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਚੁਣਿਆ ਸੀ। ਕਮਲ ਨਾਥ ਦੇ ਹਲਫਦਾਰੀ ਸਮਾਗਮ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਯੋਤਿਰਦਿੱਤਿਆ ਸਿੰਧੀਆ, ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲ੍ਹਾ, ਲੋਕਤੰਤਰਿਕ ਜਨਤਾ ਦਲ ਦੇ ਆਗੂ ਸ਼ਰਦ ਯਾਦਵ, ਐਨਸੀਪੀ ਮੁਖੀ ਸ਼ਰਦ ਪਵਾਰ, ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ, ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਾਸਵਾਮੀ, ਡੀਐੱਮਕੇ ਆਗੂ ਐੱਮਕੇ ਸਟਾਲਿਨ ਵੀ ਸਮਾਗਮ ਵਿੱਚ ਹਾਜ਼ਰ ਸਨ। ਕਾਂਗਰਸ ਨੂੰ ਹਮਾਇਤ ਦੇਣ ਵਾਲੇ ਬਸਪਾ ਸੁਪਰੀਮੋ ਮਾਇਆਵਤੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਇਸ ਸਮਾਗਮ ਵਿੱਚ ਗ਼ੈਰ-ਹਾਜ਼ਰ ਰਹੇ। ਭਾਰਤੀ ਜਨਤਾ ਪਾਰਟੀ ਦੇ ਤਿੰਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੈਲਾਸ਼ ਜੋਸ਼ੀ ਤੇ ਬਾਬੂਲਾਲ ਗੌੜ ਵੀ ਸਟੇਜ ਉੱਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਸ੍ਰੀ ਨਾਥ ਨੇ ਸ੍ਰੀ ਸਿੰਧੀਆ ਨਾਲ ਮਿਲ ਕੇ ਸੂਬੇ ਵਿੱਚ ਕਾਂਗਰਸ ਦੀ ਜਿੱਤ ਲਈ ਪ੍ਰਚਾਰ ਮੁਹਿੰਮ ਸੰਭਾਲੀ ਸੀ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ 230 ਵਿੱਚੋਂ 114 ਸੀਟਾਂ ਉੱਤੇ ਜਿੱਤ ਹਾਸਲ ਕੀਤੀ। ਕਾਂਗਰਸ ਨੂੰ ਇਸ ਸਮੇਂ 121 ਵਿਧਾਇਕਾਂ ਦੀ ਹਮਾਇਤ ਹਾਸਲ ਹੈ, ਜਿਨ੍ਹਾਂ ਵਿੱਚ ਸਮਾਜਵਾਦੀ ਪਾਰਟੀ ਦਾ ਇੱਕ, ਬਸਪਾ ਦੇ ਦੋ ਅਤੇ ਚਾਰ ਆਜ਼ਾਦ ਵਿਧਾਇਕ ਸ਼ਾਮਲ ਹਨ। ਭਾਜਪਾ ਨੇ 109 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ।
ਕਾਂਗਰਸ ਆਗੂ ਭੁਪੇਸ਼ ਬਘੇਲ ਨੇ ਅੱਜ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ ਵਿਧਾਇਕ ਟੀ.ਐੱਸ. ਸਿੰਘ ਦਿਓ ਤੇ ਤਾਮਰਧਵਜ ਸਾਹੂ ਨੇ ਮੰਤਰੀਆਂ ਵਜੋਂ ਹਲਫ਼ ਲਿਆ।ਗਵਰਨਰ ਆਨੰਦੀਬੇਨ ਪਟੇਲ ਨੇ ਅੱਜ ਬਲਬੀਰ ਜੁਨੇਜਾ ਇਨਡੋਰ ਸਟੇਡੀਅਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ 57 ਸਾਲਾ ਬਘੇਲ ਨੂੰ ਅਹੁਦੇ ਦੀ ਮਰਿਆਦਾ ਬਣਾਏ ਰੱਖਣ ਦੀ ਸਹੁੰ ਚੁਕਵਾਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਤੇ ਕਾਂਗਰਸ ਆਗੂ ਇਸ ਸਮਾਗਮ ਵਿੱਚ ਹਾਜ਼ਰ ਰਹੇ। ਬੀਤੇ ਦਿਨ ਸ੍ਰੀ ਬਘੇਲ ਦਾ ਨਾਂ ਮੁੱਖ ਮੰਤਰੀ ਚੁਣਿਆ ਗਿਆ ਸੀ। ਸ੍ਰੀ ਬਘੇਲ ਪੰਜ ਵਾਰ ਪਾਟਨ ਤੋਂ ਵਿਧਾਇਕ ਬਣ ਚੁੱਕੇ ਹਨ। 2013 ਵਿੱਚ ਸੂਬੇ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਵਾਲੇ ਸ੍ਰੀ ਬਘੇਲ ਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਟੀ.ਐੱਸ. ਸਿੰਘ ਦਿਓ ਨੇ ਤੀਜੀ ਵਾਰ ਸਰਗੁਜਾ ਸੀਟ ਤੋਂ ਵਿਧਾਇਕ ਦੀ ਚੋਣ ਜਿੱਤੀ ਹੈ। ਲੋਕ ਸਭਾ ਹਲਕਾ ਦੁਰਗ ਤੋਂ ਕਾਂਗਰਸ ਦੇ ਸੰਸਦ ਮੈਂਬਰ ਤਾਮਰਧਵਜ ਸਾਹੂ ਨੇ ਵਿਧਾਨ ਸਭਾ ਹਲਕਾ ਦੁਰਗ ਦਿਹਾਤੀ ਤੋਂ ਚੋਣ ਜਿੱਤੀ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਨਵੇਂ ਮੁੱਖ ਮੰਤਰੀ ਦੇ ਹਲਫਦਾਰੀ ਸਮਾਗਮ ਦੀ ਥਾਂ ਤਬਦੀਲ ਕਰਨੀ ਪਈ ਅਤੇ ਕਾਂਗਰਸ ਆਗੂ ਭੁਪੇਸ਼ ਬਘੇਲ ਦਾ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਸਾਇੰਸ ਕਾਲਜ ਮੈਦਾਨ ਦੀ ਥਾਂ ਬੁੱਧਾਤਲਾਬ ਦੇ ਬਲਬੀਰ ਜੁਨੇਜਾ ਇਨਡੋਰ ਸਟੇਡੀਅਮ ਵਿੱਚ ਕਰਵਾਇਆ ਗਿਆ।