ਪੰਜਾਬ ਤੋਂ ਵਧੇਰੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਵਾਉਣ ਦੀ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਵਲੋਂ ਵੱਡੀ ਕੋਸ਼ਿਸ਼ – ਦੁਨੀਆਂ ਦੀਆਂ ਪ੍ਰਮੁੱਖ ਕੋਮਾਂਤਰੀ ਏਅਰਲਾਈਨਾਂ ਨਾਲ ਦਿੱਲੀ ਵਿਖੇ ਕੀਤੀ ਅਹਿਮ ਮਿਟਿੰਗ

ਮੀਟਿੰਗ ਵਿਚ ਸ਼ਾਮਲ ਅੰਤਰਰਾਸ਼ਟਰੀ ਹਵਾਈ ਕੰਪਨੀਆਂ ਦੇ ਨੁਮਾਇੰਦੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ (ਸੱਜਿਓ ਚੋਥੇ), ਕੋ-ਕਨਵੀਨਰ ਯੋਗੇਸ਼ ਕਾਮਰਾ (ਸੱਜਿਓ ਤੀਜੇ) ਅਤੇ ਮਨਮੋਹਨ ਸਿੰਘ, ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਦੇ ਨਾਲ

ਅੰਮ੍ਰਿਤਸਰ: ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅਤੇ ਗੁਆਂਢੀ ਰਾਜਾਂ ਨੂੰ ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਸੰਬੰਧੀ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਵਲੋਂ ਦੱਸ ਤੋਂ ਵੱਧ ਏਅਰਲਾਈਨਾਂ ਦੇ ਚੋਟੀ ਦੇ ਕਾਰਜਕਾਰੀ ਅਤੇ ਵਪਾਰਕ ਨੁਮਾਇੰਦਾ ਨਾਲ ਦਿੱਲੀ ਦੇ ਲੀ-ਮੇਰੀਡੀਅਨ ਹੋਟਲ ਵਿਖੇ ਮਿਟਿੰਗ ਕੀਤੀ ਗਈ। ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਧੇਰੇ ਉਡਾਣਾਂ ਨੂੰ ਲਿਆਉਣ ਵੱਲ ਕੇਂਦਰਤ ਪਹੁੰਚ ਲਈ ਫਲਾਈ ਅੰਮ੍ਰਿਤਸਰ ਮੁਹਿੰਮ ਦੀ 2016 ਵਿਚ ਸ਼ੁਰੂਆਤ ਕੀਤੀ ਗਈ ਸੀ। ਇਹ ਉਸ ਪਹਿਲ ਨੂੰ ਅੱਗੇ ਲੈ ਜਾਂਦਾ ਹੈ ਜੋ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਏ.ਵੀ.ਐਮ.) ਦੁਆਰਾ ਸ਼ੁਰੂ ਕੀਤਾ ਗਿਆ ਸੀ।

  ਇਸ ਮਿਟਿੰਗ ਵਿਚ ਮੁਹਿੰਮ ਦੇ ਕਨਵੀਨਰ ਤੇ ਮੰਚ ਦੇ ਵਿਦੇਸ਼ ਸਕੱਤਰ ਸਿਮੀਪ ਸਿੰਘ ਗੁਮਟਾਲਾ ਨੇ ਹਵਾਈ ਅੱਡੇ ਦੇ ਪਿਛੋਕੜ, ਮੋਜੂਤਾ ਸਥਿਤੀ ਅਤੇ ਭਵਿੱਖ ਦੀਆਂ ਸੰਭਾਵਨਾਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਵਿਦੇਸ਼ਾ ਵਿਚ 50 ਲੱਖ ਤੋਂ ਵੱਧ ਪੰਜਾਬੀ ਅਮਰੀਕਾ, ਕੈਨੇਡਾ, ਯੂਰਪ, ਯੂ.ਕੇ., ਆਸਟਰੇਲੀਆਂ ਅਤੇ ਹੋਰਨਾਂ ਮੁਲਕਾਂ ਵਿਚ ਵਸਦੇ ਹਨ ਜਿਹੜੇ ਸਿੱਧਾ ਅੰਮ੍ਰਿਤਸਰ ਸਫਰ ਕਰਨਾ ਚਾਹੁੰਦੇ ਹਨ। ਇਸ ਮੌਕੇ ਉਪਰ ਉਹਨਾਂ ਨੇ ਇਸ ਮੁਹਿੰਮ ਦੀ ਅਤੇ ਮੰਚ ਦੀ ਭੂਮਿਕਾ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।

ਮੁਹਿੰਮ ਦੇ ਕੋ-ਕਨਵੀਨਰ ਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ, “ਇਹ ਪਹਿਲੀ ਵਾਰ ਹੈ ਕਿ ਦੁਨੀਆਂ ਦੀਆਂ ਪ੍ਰਮੁੱਖ ਕੋਮਾਂਤਰੀ ਏਅਰਲਾਈਨਾਂ ਜਿਵੇਂ ਕਿ ਐਮੀਰੇਟਸ, ਏਤੀਹਾਰ, ਫਲਾਈ ਡੁਬਈ, ਕੁਵੈਤ ਏਅਰ, ਓਮਾਨ ਏਅਰ, ਏਅਰ ਅਰੇਬੀਆ, ਥਾਮਸ ਕੁੱਕ ਯੂ.ਕੇ., ਇੰਡਜੈਟਸ, ਨੋਕ ਸਕੂਟ, ਮਾਰਟੀਨ ਕਨਸਲਟਿੰਗ ਆਦਿ ਨੇ ਭਾਗ ਲਿਆ। ਇਸ ਮੀਟਿੰਗ ਵਿਚ ਮੌਜੂਦ ਏਅਰਲਾਈਨਾਂ ਨੇ ਦੁਹਰਾਇਆ ਕਿ ਉਹ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨਾਂ ਚਾਹੁੰਦੇ ਹਨ ਪਰ ਭਾਰਤ ਸਰਕਾਰ ਵਲੋਂ ਹਵਾਈ ਸਮਝੋਤਿਸ਼ਾ ਵਿਚ ਅੰਮ੍ਰਿਤਸਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਅਗਾ ਭਾਰਤ ਸਰਕਾਰ ਅੰਮ੍ਰਿਤਸਰ ਨੁੰ ਬਾਕੀ ਭਾਰਤ ਦੇ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਵਾਂਗ ਇਹਨਾਂ ਸਮਝੋਤਿਆ ਵਿਚ ਸ਼ਾਮਲ ਕਰ ਲੈਣ ਤਾਂ ਉਹ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹਨ।

ਇਸ ਮੌਕੇ ਤੇ ਫਲਾਈ ਡੁਬਈ ਦੇ ਦੱਖਣੀ ਪੂਰਬੀ ਏਸ਼ੀਆ ਦੇ ਡਾਇਰੈਕਟਰ ਕਮਰਸ਼ੀਅਲ ਓਪਰੇਸ਼ਨ ਪ੍ਰਾਨ ਦਾਸਨ ਨੇ ਕਿਹਾ ਕਿ “ਅਸੀਂ ਅੰਮ੍ਰਿਤਸਰ ਨੂੰ ਦੁਬਈ ਤੋਂ ਸਿੱਧੀਆਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਦੇ ਇਛੁੱਕ ਹਨ ਅਤੇ ਉਹਨਾਂ ਲਈ ਅੰਮ੍ਰਿਤਸਰ ਹਵਾਈ ਅੱਡਾ ਬਹੁਤ ਮਹੱਤਵਪੂਰਨ ਹੈ। ਇਹ ਉਡਾਣਾ ਵੱਡੀ ਗਿਣਤੀ ਵਿਚ ਯਾਤਰੀਆਂ ਨੂੰ ਦੁਬਈ ਰਾਹੀਂ ਫਲਾਈ ਦੁਬਈ ਅਤੇ ਐਮੀਰੇਟਸ ਦੀਆਂ ਉਡਾਣਾ ਨਾਲ ਬਹੁਤ ਸਾਰੇ ਮੁਲਕਾਂ ਨਾਲ ਜੋੜ ਸਕਦੀਆਂ ਹਨ ਪਰ ਹਵਾਈ ਸਮਝੋਤਿਆ ਵਿਚ ਅੰਮ੍ਰਿਤਸਰ ਨਾ ਹੋਣ ਕਰਕੇ ਇਹ ਉਡਾਣਾਂ ਸ਼ੁਰੂ ਨਹੀਂ ਹੋ ਪਾ ਰਹੀਆਂ। ਉਹਨਾਂ ਨੇ ਇਸ ਮੁਹਿੰਮ ਅਤੇ ਮੰਚ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸ਼ਲਾਘਾ ਕੀਤੀ।

ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਦੇ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ 2019 ਵਿਚ ਅੰਮ੍ਰਿਤਸਰ ਆਉਣ ਦੀ ਉਮੀਦ ਹੈ। ਮੰਚ ਦੇ ਸਰਪ੍ਰਸਤ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਅੰਮਿਤਸਰ ਹਵਾਈ ਅੱਡੇ ਨੂੰ ਹਵਾਈ ਸਮਝੋਤਿਆਂ ਵਿਚ ਸ਼ਾਮਲ ਕਰਵਾਉਣ ਲਈ ਕੇਂਦਰ ਸਰਕਾਰ ਤੇ ਜੋਰ ਪਾਉਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਐਮੀਰੇਟਸ, ਏਤੀਹਾਦ, ਓਮਾਨ ਆਦਿ ਹਵਾਈ ਕੰਪਨੀਆਂ ਨੂੰ ਭਾਰਤ ਦੇ ਬਾਕੀ ਹਵਾਈ ਅੱਡੇ ਜਿਵੇਂ ਕਿ ਅਹਿਮਦਾਬਾਦ, ਜੈਪੁਰ, ਲਖਨਉ, ਗੋਆ, ਤ੍ਰਿਵਿੰਦਰਮ, ਕੋਚੀ ਆਦਿ ਤੋਂ ਉਡਾਣਾਂ ਭਰਨ ਦੀ ਆਗਿਆ ਹੈ, ਪਰ ਅੰਮ੍ਰਿਤਸਰ ਨੂੰ ਉਡਾਣਾਂ ਭਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਹ ਵਿਤਕਰਾ ਜਲਦੀ ਹੀ ਦੂਰ ਹੋਣਾ ਚਾਹੀਦਾ ਹੈ।