ਇਨਸਾਫ਼ ਲਈ ਚੱਲਿਆ ਮਾਰਚ ਚੋਣ ਗੱਠਜੋੜ ਬਣ ਕੇ ਸਮਾਪਤ

ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਚਲੇ ਇਨਸਾਫ਼ ਮਾਰਚ ਦੀ ਸਮਾਪਤੀ ਮੌਕੇ ਇਥੇ ਕੀਤੀ ਗਈ ਰੈਲੀ ਦੌਰਾਨ ਅੱਜ ਸੁਖਪਾਲ ਸਿੰਘ ਖਹਿਰਾ ਧੜੇ, ਲੋਕ ਇਨਸਾਫ਼ ਪਾਰਟੀ ਅਤੇ ਪੰਜਾਬ ਮੰਚ ਨੇ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ (ਪੀਡੀਏ) ਬਣਾਉਣ ਦਾ ਐਲਾਨ ਕੀਤਾ। ਆਉਂਦੇ ਦਿਨਾਂ ’ਚ ਅਲਾਇੰਸ ਦੇ ਮੁਖੀ ਦਾ ਐਲਾਨ ਕਰ ਦਿੱਤਾ ਜਾਵੇਗਾ। ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਰੈਲੀ ਵਿੱਚ ਪੁੱਜ ਕੇ ਅਲਾਇੰਸ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ। ਪਹਿਲਾ ਮਤਾ ਪੇਸ਼ ਕਰਦਿਆਂ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਜੇਕਰ ਪੰਜਾਬ ਸਰਕਾਰ ਨੇ ਮਾਘੀ ਤੱਕ ਸਜ਼ਾਵਾਂ ਨਾ ਦਿੱਤੀਆਂ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇੱਥੇ ਮਹਿਮਦਪੁਰ ਮੰਡੀ ਵਿੱਚ ਹੋਈ ਰੈਲੀ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦਾ ਦੋਸ਼ੀ ਕਰਾਰ ਦਿੰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਸ੍ਰੀ ਬਾਦਲ ਨੂੰ ਦਿੱਤਾ ਗਿਆ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲਿਆ ਜਾਵੇ। ਤੀਜੇ ਮਤੇ ’ਚ ਕਿਹਾ ਗਿਆ ਕਿ ਬਾਦਲ ਧਿਰ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣ ਲਈ ਸਾਰੇ ਪੰਜਾਬ ਨੂੰ ਇੱਕਮੁੱਠ ਹੋਣਾ ਪਵੇਗਾ। ਸ੍ਰੀ ਖਹਿਰਾ ਨੇ ਚੌਥਾ ਮਤਾ ਪੇਸ਼ ਕਰਦਿਆਂ ਕਿਹਾ ਕਿ ਜੋ ਲੋਕ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨਾਲ ਖੜ੍ਹੇ ਹਨ, ਉਹ ਬੇਈਮਾਨੀ ਅਤੇ ਪੀਡੀਏ ਨਾਲ ਖੜ੍ਹੇ ਰਹਿਣ ਵਾਲੇ ਇਮਾਨਦਾਰੀ ਦਾ ਸਾਥ ਦੇ ਰਹੇ ਹਨ। ਉਨ੍ਹਾਂ ਅਲਾਇੰਸ ਦੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਵੀ ਕੀਤਾ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ,‘‘ਸਾਡੇ ਨਾਲ ਲੋਕ ਆਪ ਮੁਹਾਰੇ ਹੀ ਤੁਰੇ ਹਨ ਕਿਉਂਕਿ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਉਨ੍ਹਾਂ ਨੂੰ ਪਛਾਣ ਹੋ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਸਿਟੀ ਸੈਂਟਰ ਘੁਟਾਲੇ ਨੂੰ ਦਬਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੀਏ ਫ਼ੋਨ ਕਰਕੇ ‘ਮਹਾਰਾਜੇ’ ਨਾਲ ਮੀਟਿੰਗ ਕਰਾਉਣ ਲਈ ਵਾਰ-ਵਾਰ ਆਖ ਰਿਹਾ ਹੈ ਪਰ ਉਹ ਕਿਸੇ ਦਬਾਅ ਹੇਠ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਮੈਂਬਰਾਂ ਦੀਆਂ ਵਧਾਈਆਂ ਤਨਖ਼ਾਹਾਂ ਵੀ ਨਹੀਂ ਲੈਣਗੇ। ਸ੍ਰੀ ਬੈਂਸ ਨੇ ਕਿਹਾ ਕਿ ਉਹ ਭਾਰਤ ਦੇ ਸੰਵਿਧਾਨ ਨੂੰ ਮੰਨਣ ਵਾਲੀ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨ ਲਈ ਤਿਆਰ ਹਨ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਦੀ ਪੰਜਾਬ ਵਿਰੋਧੀ ਨੀਤੀਆਂ ਕਰਕੇ 18000 ਸਨਅਤ ਪੰਜਾਬ ਤੋਂ ਬਾਹਰ ਚਲੀ ਗਈ। ‘ਜੇਕਰ ਧਰਤੀ ਦਾ ਪਾਣੀ ਨਾ ਸਾਂਭਿਆ ਗਿਆ ਤਾਂ 25 ਸਾਲਾਂ ਵਿੱਚ ਪੰਜਾਬ ਬੰਜਰ ਹੋ ਜਾਵੇਗਾ।’ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਤਿਵਾਦ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਨਤੀਜਾ ਸੀ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਅਚਾਨਕ ਰੈਲੀ ਵਿੱਚ ਪੁੱਜ ਕੇ ਪੀਡੀਏ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਇਸ ਅਲਾਇੰਸ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣਗੇ। ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਸੂਬੇ ਦੇ ਲੋਕਾਂ ’ਤੇ ਜ਼ਿਮਨੀ ਚੋਣ ਨਹੀਂ ਥੋਪਣਾ ਚਾਹੁੰਦੇ ਸਗੋਂ ਉਹ ਇਸੇ ਤਰ੍ਹਾਂ ਹੀ ਲੋਕਾਂ ਦੇ ਭਲੇ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ‘ਆਪ’ ਦੇ ਸੰਸਦ ਮੈਂਬਰਾਂ ਭਗਵੰਤ ਮਾਨ, ਸਾਧੂ ਸਿੰਘ ਅਤੇ ਹਰਿੰਦਰ ਸਿੰਘ ਖ਼ਾਲਸਾ ’ਤੇ ਦੋਸ਼ ਲਗਾਏ ਕਿ ਉਨ੍ਹਾਂ ਸੂਬੇ ਦੇ ਭਲੇ ਲਈ ਕੋਈ ਵੀ ਕੰਮ ਨਹੀਂ ਕੀਤਾ ਹੈ। ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਵੀ ਅਲਾਇੰਸ ਨੂੰ ਸਮਰਥਨ ਦੇਣ ਦਾ ਸੁਨੇਹਾ ਭੇਜਣ ਦਾ ਦਾਅਵਾ ਕੀਤਾ ਗਿਆ। ਰੈਲੀ ’ਚ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ, ‘ਆਪ’ ਦੇ ਬਾਗ਼ੀ ਵਿਧਾਇਕਾਂ ਵਿੱਚੋਂ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਨਾਜਰ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਜੱਗਾ ਤੋਂ ਇਲਾਵਾ ਨਵਜੋਤ ਕੌਰ ਲੰਬੀ, ਕਰਮਜੀਤ ਕੌਰ ਮਾਨਸਾ, ਸੁਮਿਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਹੁਸ਼ਿਆਰਪੁਰ, ਸੁਖਦੇਵ ਸਿੰਘ ਚੱਕ ਕਿਸਾਨ ਵਿੰਗ, ਜਰਨੈਲ ਸਿੰਘ ਨੰਗਲ ਐਸਸੀ ਵਿੰਗ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪਲਵਿੰਦਰ ਕੌਰ ਹਰਿਆਊ, ਹਰਮੀਤ ਸਿੰਘ ਪਠਾਣਮਾਜਰਾ, ਜਰਨੈਲ ਸਿੰਘ ਸ਼ੁਤਰਾਣਾ, ਵਕੀਲ ਸਿੰਘ ਬਰਾੜ ਅਤੇ ਦਲਵਿੰਦਰ ਸਿੰਘ ਧੰਜੂ ਦਾ ਇਨਸਾਫ਼ ਮੋਰਚੇ ਵਿੱਚ ਵਿਸ਼ੇਸ਼ ਸਾਥ ਦੇਣ ਦਾ ਜ਼ਿਕਰ ਕੀਤਾ ਗਿਆ ਅਤੇ ਲੱਖਾ ਸਿਧਾਣਾ ਵੱਲੋਂ ਪੰਜਾਬੀ ਭਾਸ਼ਾ ਲਈ ਕੰਮ ਕਰਨ ’ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।