ਪੰਚਾਇਤੀ ਚੋਣਾਂ: ਪਿੰਡਾਂ ਵਿਚ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼

ਪੰਚਾਇਤੀ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਸਰਪੰਚੀ ਦੀ ਚੋਣ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇੱਥੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਬਲਾਕ ਕੋਟ ਈਸੇ ਖਾਂ (ਧਰਮਕੋਟ) ਵਿਚ ਦਰਜਨਾਂ ਤੋਂ ਵੱਧ ਪਿੰਡਾਂ ਦੇ ਪੰਚ ਤੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਚੁਣੇ ਗਏ ਪੰਚਾਂ ਸਰਪੰਚਾਂ ’ਚੋਂ ਬਹੁਤੇ 12ਵੀਂ ਜਮਾਤ ਪਾਸ ਤੇ ਗਰੈਜੂਏਟ ਹਨ। ਇਸ ਹਲਕੇ ਤੋਂ ਕਾਂਗਰਸ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਇਕ ਦਹਾਕਾ ਸੱਤਾ ’ਤੇ ਕਾਬਜ਼ ਰਹਿਣ ਬਾਅਦ ਲੋਕਾਂ ਦੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਏਨੀ ਜ਼ਿਆਦਾ ਵਧੀ ਹੋਈ ਹੈ ਕਿ ਲੋਕ ਅਕਾਲੀ ਦਲ ਨਾਲ ਜੁੜੇ ਵਿਅਕਤੀ ਨੂੰ ਪੰਚ ਸਰਪੰਚ ਵੀ ਚੁਣਨ ਲਈ ਤਿਆਰ ਨਹੀਂ ਹਨ। ਬਲਾਕ ਕੋਟ ਈਸੇ ਖਾਂ (ਧਰਮਕੋਟ)’ਚੋਂ ਕੁੱਲ 138 ਪੰਚਾਇਤਾਂ ’ਚੋਂ 28 ਪਿੰਡ ਅਨੂਸੂਚਿਤ ਜਾਤੀ ਔਰਤਾਂ, 42 ਪਿੰਡ ਜਨਰਲ ਵਰਗ ਔਰਤਾਂ ਤੇ 30 ਪਿੰਡ ਅਨੂਸੂਚਿਤ ਜਾਤੀ ਪੁਰਸਾਂ ਅਤੇ 38 ਪਿੰਡ ਆਮ ਵਰਗ ਪੁਰਸ਼ ਲਈ ਰਾਖਵੇਂ ਹਨ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਬੀਰ ਸਿੰਘ ਗੋਗਾ ਨੂੰ ਪਿੰਡ ਸੰਗਲਾ ਦਾ ਸਰਬਸੰਮਤੀ ਨਾਲ ਸਰਪੰਚ ਅਤੇ ਤਰਸੇਮ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਕੌਰ, ਯਾਦਵਿੰਦਰ ਸਿੰਘ ਤੇ ਸੁਖਪਾਲ ਸਿੰਘ ਨੂੰ ਪੰਚ ਚੁਣ ਲਿਆ ਗਿਆ। ਇਸ ਤਰ੍ਹਾਂ ਪਿੰਡ ਮਸਤੇਵਾਲਾ ਤੋਂ ਸ਼ਵਾਜ਼ ਸਿੰਘ ਨੂੰ ਸਰਪੰਚ ਤੇ ਗੁਰਜੀਤ ਕੌਰ, ਕੁਲਦੀਪ ਸਿੰਘ, ਗੋਪਾਲ ਸਿੰਘ, ਗੁਰਬਖ਼ਸ ਕੌਰ ਅਤੇ ਜਸਵੀਰ ਸਿੰਘ ਨੂੰ ਪੰਚ ਚੁਣਿਆ ਗਿਆ ਹੈ। ਇਸ ਤਰ੍ਹਾਂ ਪਿਡ ਰਾਮਗੜ੍ਹ ਤੋਂ ਇਕਬਾਲ ਸਿੰਘ ਨੂੰ ਸਰਪੰਚ, ਗੁਰਜੀਤ ਕੌਰ, ਗੁਰਵਿੰਦਰ ਕੌਰ, ਅਮਰਜੀਤ ਸਿੰਘ ਸਲਵਿੰਦਰ ਸਿੰਘ ਤੇ ਸੁਖਚੈਨ ਸਿੰਘ ਨੂੰ ਸਰਬਸੰਮਤੀ ਨਾਲ ਪੰਚ ਚੁਣ ਲਿਆ ਗਿਆ ਹੈ। ਉਨ੍ਹਾਂ ਪਿੰਡ ਬੀਜ਼ਾਪੁਰ, ਢੋਲੇਵਾਲਾ, ਸ਼ੇਰੇ ਵਾਲਾ, ਭੋਡੀਵਾਲਾ, ਦਾਨੇਵਾਲਾ, ਸੈਦੇ ਸ਼ਾਹ ਵਾਲਾ, ਰਾਜਾਂਵਾਲਾ ਅਤੇ ਸਿੰਘਪੁਰਾ ਉਰਫ਼ ਮੁੰਨਣ ਤੋਂ ਵੀ ਸਰਬਸੰਮਤੀ ਨਾਲ ਸਰਪੰਚ ਤੇ ਪੰਚ ਚੁਣੇ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਪਿੰਡਾਂ ’ਚ ਵੀ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਮਸਤੇਵਾਲਾ ਦੇ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਸਵਾਜ਼ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਮੇਂ ਸਮੇਂ ਆਉਂਦੀਆਂ ਰਹਿਣਗੀਆਂ ਪਰ ਲੋਕਾਂ ਨੂੰ ਆਪਸੀ ਪ੍ਰੇਮ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹੇ ਦੀਆਂ 341 ਪੰਚਾਇਤਾਂ ਦੀਆਂ 30 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦਾ ਅਮਲ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾਵੇਗਾ।