ਸੀਨੀਅਰ ਕਾਂਗਰਸ ਆਗੂ ਅਤੇ ਪ੍ਰਦੇਸ਼ ਪ੍ਰਧਾਨ ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਵਿਧਾਨਕਾਰ ਦਲ ਦੀ ਇਥੇ ਐਤਵਾਰ ਨੂੰ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ਏਆਈਸੀਸੀ ਅਬਜ਼ਰਵਰ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਸ੍ਰੀ ਬਘੇਲ ਸੋਮਵਾਰ ਸ਼ਾਮ 4.30 ਵਜੇ ਹਲਫ਼ ਲੈਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਦੇ ਚਾਰ ਦਾਅਵੇਦਾਰਾਂ ਟੀ ਐਸ ਸਿੰਘ ਦਿਉ, ਤਾਮਰਧਵੱਜ ਸਾਹੂ, ਭੁਪੇਸ਼ ਬਘੇਲ ਅਤੇ ਚਰਨ ਦਾਸ ਮਹੰਤ ਨਾਲ ਸ਼ਨਿਚਰਵਾਰ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਕਈ ਬੈਠਕਾਂ ਕੀਤੀਆਂ ਸਨ। ਸ੍ਰੀ ਬਘੇਲ ਦੇ ਨਾਮ ’ਤੇ ਮੋਹਰ ਤੋਂ ਪਹਿਲਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ’ਚ ਤਿੰਨ ਦਿਨਾਂ ਤੋਂ ਵਿਚਾਰ ਵਟਾਂਦਰਾ ਚੱਲ ਰਿਹਾ ਸੀ। ਕਾਂਗਰਸ ਪਾਰਟੀ ਨੇ ਟਵਿੱਟਰ ’ਤੇ ਸ੍ਰੀ ਬਘੇਲ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਭੁਪੇਸ਼ ਬਘੇਲ ਨੂੰ ਮੁੱਖ ਮੰਤਰੀ ਨਿਯੁਕਤ ਕਰਨ ਨਾਲ ਛੱਤੀਸਗੜ੍ਹ ’ਚ ਜਸ਼ਨ ਦਾ ਮਾਹੌਲ ਹੈ। ਪਾਰਟੀ ਮੁਤਾਬਕ ਉਹ ਬਰਾਬਰੀ, ਪਾਰਦਰਸ਼ਿਤਾ ਅਤੇ ਇਕਜੁੱਟਤਾ ਵਾਲੀ ਸਰਕਾਰ ਬਣਾਉਣਗੇ ਅਤੇ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਪਾਰੀ ਦੀ ਸ਼ੁਰੂਆਤ ਕਰਨਗੇ। ਓਬਸੀ ਆਗੂ ਨੇ ਕਾਂਗਰਸ ਨੂੰ ਦੋ ਤਿਹਾਈ ਬਹੁਮਤ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਕਾਂਗਰਸ ਨੇ 15 ਸਾਲਾਂ ਮਗਰੋਂ ਛੱਤੀਸਗੜ੍ਹ ’ਚ ਵਾਪਸੀ ਕੀਤੀ ਹੈ ਅਤੇ ਉਸ ਨੇ 90 ’ਚੋਂ 68 ਸੀਟਾਂ ਜਿੱਤੀਆਂ ਜਦਕਿ 2003 ਤੋਂ ਸੱਤਾ ’ਚ ਭਾਜਪਾ ਨੂੰ ਮਹਿਜ਼ 15 ਸੀਟਾਂ ਹੀ ਨਸੀਬ ਹੋਈਆਂ ਹਨ।
INDIA ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ