ਰਾਹੁਲ ਗਾਂਧੀ ਰਾਫਾਲ ਸੌਦੇ ’ਤੇ ਮੰਗੇ ਮੁਆਫ਼ੀ: ਰਾਜਨਾਥ ਸਿੰਘ

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਫਾਲ ਸੌਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਬਾਅਦ ਵਿਰੋਧੀ ਧਿਰ ਨੂੰ ਘੇਰਦਿਆਂ ਕਿਹਾ ਹੈ ਕਿ ਆਪਣੇ ਰਾਜਸੀ ਲਾਹੇ ਲਈ ਦੇਸ਼ ਨੂੰ ਗੁਮਰਾਹ ਕਰਨ ਬਦਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਸਦ ਵਿਚ ਮੁਆਫੀ ਮੰਗਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਖਾਸ ਤੌਰ ਉੱਤੇ ਕਾਂਗਰਸ ਰਾਫਾਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੀਆਂ ਹਨ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਰਾਫਾਲ ਜਹਾਜ਼ ਨਿਰਧਾਰਤ ਕੀਮਤ ਤੋਂ ਕਿਤੇ ਵੱਧ ਕੀਮਤ ਅਦਾ ਕਰਕੇ ਖ਼ਰੀਦੇ ਹਨ ਅਤੇ ਸਰਕਾਰੀ ਕੰਪਨੀ ਹਿੰਦੋਸਤਾਨ ਐਰਨੌਟਿਕਸ ਦੀ ਅਣਦੇਖੀ ਕਰਕੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਗੈਰਜ਼ਰੂਰੀ ਲਾਭ ਪਹੁੰਚਾਇਆ ਹੈ। ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਸੰਸਦ ਵਿਚ ਕਾਂਗਰਸ ਦੇ ਮੈਂਬਰਾਂ ਵੱਲੋਂ ਸਾਂਝੀ ਸੰਸਦੀ ਕਮੇਟੀ ਦੀ ਮੰਗ ਮੰਨਵਾਉਣ ਲਈ ਪਾਏ ਰੌਲੇ ਰੱਪੇ ਦੇ ਸੰਦਰਭ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਰਾਜਸੀ ਲਾਹੇ ਖਾਤਰ ਦੇਸ਼ ਨੂੰ ਰਾਫਾਲ ਸੌਦੇ ਬਾਰੇ ਗੁਮਰਾਹ ਕਰਨ ਬਦਲੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਦੇ ਪ੍ਰਚਾਰ ਨਾਲ ਦੇਸ਼ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਬਦਨਾਮੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਖ਼ੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੀ ਰਹੀ ਹੈ ਅਤੇ ਇਸ ਦੇ ਮੰਤਰੀਆਂ ਨੂੰ ਜੇਲ੍ਹ ਜਾਣਾ ਪਿਆ ਹੈ।