ਬੈਂਕ ਡਕੈਤੀ: ਸ਼ੱਕੀਆਂ ਦੀਆਂ ਤਸਵੀਰਾਂ ਜਾਰੀ

ਪਿੰਡ ਸੈਦੋਲੇਹਲ ਵਿਚ ਐਕਸਿਸ ਬੈਂਕ ਦੀ ਸ਼ਾਖ਼ਾ ਵਿਚ ਡਕੈਤੀ ਦੌਰਾਨ ਲੁਟੇਰੇ ਭਾਵੇਂ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਲੈ ਗਏ ਸਨ, ਪਰ ਪੁਲੀਸ ਨੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕੀਤੀ ਹੈ, ਜਿਸ ਵਿਚ ਤਿੰਨ ਸ਼ੱਕੀ ਵਿਅਕਤੀ ਬੈਂਕ ਵਿਚ ਦਾਖ਼ਲ ਹੁੰਦੇ ਦਿਖਾਈ ਦਿੰਦੇ ਹਨ। ਪੁਲੀਸ ਵੱਲੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਅੱਜ ਜਾਰੀ ਕੀਤੀਆਂ ਗਈਆਂ ਹਨ ਤੇ ਲੋਕਾਂ ਨੂੰ ਇਨ੍ਹਾਂ ਸਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਸਵੀਰਾਂ ਤੋਂ ਲੁਟੇਰਿਆਂ ਦੀ ਸ਼ਨਾਖ਼ਤ ਤੇ ਜਲਦੀ ਗ੍ਰਿਫ਼ਤਾਰੀ ਦੀ ਉਮੀਦ ਹੈ। ਦੱਸਣਯੋਗ ਹੈ ਕਿ ਕੱਲ੍ਹ ਚਾਰ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੀ ਇਸ ਸ਼ਾਖ਼ਾ ਵਿਚੋਂ ਹਥਿਆਰਾਂ ਦੀ ਨੋਕ ’ਤੇ 11.54 ਲੱਖ ਰੁਪਏ ਲੁੱਟ ਲਏ ਸਨ।