ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਆਪਣੀ ਅਗਵਾਈ ਵਿਚ ਵਿਸ਼ਵਾਸ ਮਤ ਜਿੱਤ ਲਿਆ ਹੈ। ਕੰਜਰਵੇਟਿਵ ਪਾਰਟੀ ਦੇ ਕੁੱਲ 317 ਸੰਸਦ ਮੈਂਬਰਾਂ ਵਿਚੋਂ 200 ਨੇ ਉਨ੍ਹਾਂ ਦੇ ਪੱਖ ਵਿਚ ਵੋਟ ਦਿੱਤੇ ਜਦਕਿ 117 ਵੋਟਾਂ ਉਨ੍ਹਾਂ ਦੇ ਖਿਲਾਫ ਪਈਆਂ। ਉਨ੍ਹਾਂ ਦੀ ਪਾਰਟੀ ਦੇ 48 ਸੰਸਦ ਮੈਂਬਰਾਂ ਨੇ ਅਵਿਸ਼ਵਾਸ ਪੱਤਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਵਿਸ਼ਵਾਸ ਮਤ ਕਰਵਾਇਆ ਗਿਆ ਸੀ। ਮੇਅ ਨੇ ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਡਾਊਨਿੰਗ ਸਟਰੀਟ ਦੇ ਬਾਹਰ ਇੱਕ ਬਿਆਨ ਵਿਚ ਕਿਹਾ,‘ਮੈਂ ਸਮਰਥਨ ਲਈ ਧੰਨਵਾਦੀ ਹਾਂ। ਮੇਰੇ ਕਈ ਸਹਿਯੋਗੀਆਂ ਨੇ ਮੇਰੇ ਖਿਲਾਫ ਵੋਟ ਦਿੱਤੀ ਅਤੇ ਉਨ੍ਹਾਂ ਨੇ ਜੋ ਕਿਹਾ, ਮੈਂ ਉਸਨੂੰ ਸੁਣਿਆ।’ ਉਨ੍ਹਾਂ ਕਿਹਾ ਕਿ ਇਸ ਵੋਟਿੰਗ ਤੋਂ ਬਾਅਦ ਸਾਨੂੰ ਬ੍ਰਿਟਿਸ਼ ਲੋਕਾਂ ਦੇ ਲਈ ਬ੍ਰੈਗਜ਼ਿਟ ਅਤੇ ਇਸ ਮੁਲਕ ਲਈ ਬਿਹਤਰ ਭਵਿੱਖ ਬਣਾਉਣ ਲਈ ਕੰਮ ਉੱਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀਰਵਾਰ ਨੂੰ ਯੂਰਪੀ ਪਰਿਸ਼ਦ ਦੀ ਮੀਟਿੰਗ ਲਈ ਉਹ ਬ੍ਰੱਸਲਜ਼ ਜਾਣਗੇ ਤਾਂ ਉਨ੍ਹਾਂ ਦਾ ਉਦੇਸ਼ ਆਪਣੇ ਬ੍ਰੈਗਜ਼ਿਟ ਸਮਝੌਤੇ ਦੇ ਵਿਵਾਦਤ ਪੱਖਾਂ ਉੱਤੇ ਯੂਰਪੀ ਸੰਘ ਨਾਲ ਗੱਲਬਾਤ ਕਰਨਾ ਹੋਵੇਗੀ। ਯੂਰਪੀ ਸੰਘ ਨਾਲ ਹੋਏ ਬ੍ਰੈਗਜ਼ਿਟ ਸਮਝੌਤੇ ਤੋਂ ਨਾਰਾਜ਼ ਕੁਝ ਸੰਸਦ ਮੈਂਬਰਾਂ ਨੇ ਮੇਅ ਦੇ ਭਵਿੱਖ ਉੱਤੇ ਬੁੱਧਵਾਰ ਸ਼ਾਮ ਨੂੰ ਵੋਟਿੰਗ ਸ਼ੁਰੂ ਕੀਤੀ। ਮੇਅ ਨੇ ਮਤਦਾਨ ਤੋਂ ਪਹਿਲਾਂ ਆਪਣੇ ਸਹਿਕਰਮੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਸਾਰਿਆਂ ਦੀ ਆਲੋਚਨਾਵਾਂ ਸੁਣੀਆਂ ਹਨ ਅਤੇ ਉਹ ਅਹੁਦੇ ਤੋਂ ਹਟਣ ਤੋਂ ਪਹਿਲਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਪੂਰੀ ਹੋਈ ਵੇਖਣਾ ਚਾਹੁੰਦੇ ਹਨ। ਇਸਦਾ ਅਰਥ ਹੈ ਕਿ ਉਹ 2022 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਵਾਈ ਨੂੰ ਚੁਣੌਤੀ ਦੇਣ ਨਾਲ ਬ੍ਰੈਗਜ਼ਿਟ ਵਿਚ ਦੇਰੀ ਹੋਵੇਗੀ ਜਾਂ ਫਿਰ ਇਹ ਰੱਦ ਵੀ ਹੋ ਸਕਦਾ ਹੈ।
UK ਟੈਰੇਜ਼ਾ ਮੇਅ ਨੇ ਆਪਣੀ ਪਾਰਟੀ ’ਚ ਵਿਸ਼ਵਾਸ ਮੱਤ ਜਿੱਤਿਆ