ਬਲੈਰੋ ਦੀ ਟੱਕਰ ਨਾਲ 2 ਮੋਟਰਸਾਈਕਲ ਸਵਾਰਾਂ ਦੀ ਮੌਤ

ਅੱਜ ਦੇਰ ਸ਼ਾਮ ਵਿਆਹ ਦੇਖ ਕੇ ਪਰਤ ਰਹੇ ਤਿੰਨ ਮੋਟਰਸਾਈਕਲ ਸਵਾਰ ਦੀ ਭਿੱਖੀਵਿੰਡ ਦੇ ਨੇੜੇ ਬਲੈਰੋ ਗੱਡੀ ਨਾਲ ਸਿੱਧੀ ਟੱਕਰ ਹੋ ਜਾਣ ਕਰਕੇ ਤਿੰਨ ਵਿਚੋਂ ਇੱਕ ਦੀ ਮੌਕੇ ’ ਮੌਤ ਹੋ ਗਈ ਜਦਕਿ ਦੂਸਰੇ ਦੀ ਹਸਪਤਾਲ ਵਿੱਚ ਮੌਤ ਹੋ ਗਈ ।ਤੀਸਰਾ ਨੌਜਵਾਨ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਿਕ ਅੱਜ ਇੱਕ ਬਰਾਤ ਪਿੰਡ ਮੱਖੀ ਕਲਾਂ ਤੋਂ ਪਿੰਡ ਵਾਂ ਤਾਰਾ ਸਿੰਘ ਗਈ ਸੀ ਅਤੇ ਇਸ ਬਰਾਤ ਵਿੱਚ ਸ਼ਾਮਿਲ ਹੋਣ ਗਏ ਤਿੰਨ ਨੌਜਵਾਨ ਰਣਜੀਤ ਸਿੰਘ, ਗੁਰਜਿੰਦਰ ਸਿੰਘ ਅਤੇ ਗੁਰਸਾਹਿਬ ਸਿੰਘ ਮੋਟਰਸਾਈਕਲ ’ਤੇ ਪਿੰਡ ਵਾਂ ਤਾਰਾ ਸਿੰਘ ਤੋਂ ਮੱਖੀ ਕਲਾਂ ਆ ਰਹੇ ਸੀ ਕਿ ਰਸਤੇ ਵਿੱਚ ਭਿੱਖੀਵਿੰਡ ਦੇ ਨੇੜੇ ਇਨ੍ਹਾਂ ਦੀ ਬਲੈਰੋ ਗੱਡੀ ਨਾਲ ਟੱਕਰ ਹੋ ਗਈ।ਪੁਲੀਸ ਵੱਲੋਂ ਇਸ ਮਾਮਲੇ ਵਿੱਚ ਬਲੈਰੋ ਗੱਡੀ ਛੱਡਕੇ ਭੱਜੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲੀਸ ਨੇ ਐਕਸੀਡੈਂਟ ਵਿੱਚ ਮਾਰੇ ਗਏ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪਠਾਨਕੋਟ (ਐਨ.ਪੀ. ਧਵਨ): ਬੀਤੀ ਦੇਰ ਰਾਤ ਕਰੀਬ 2 ਵਜੇ ਆਪਣੀ ਭੂਆ ਦੇ ਲੜਕੇ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਆਈ ਲੜਕੀ ਆਪਣੇ ਪਰਿਵਾਰ ਵਾਲਿਆਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਨਿਧੀ ਦੀ ਮੌਤ ਦੀ ਹੋ ਗਈ ਹੈ ਅਤੇ ਉਸ ਦੇ ਭੈਣ-ਭਰਾ ਅਤੇ ਤਾਈ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕ ਨਿਧੀ (22) ਪੁੱਤਰੀ ਚੈਨ ਸਿੰਘ ਵਾਸੀ ਮਦੋਲੀ ਥਾਣਾ ਇੰਦੌਰਾ (ਹਿਮਾਚਲ ਪ੍ਰਦੇਸ਼) ਦੀ ਵਾਸੀ ਹੈ ਅਤੇ ਗੱਡੀ ਚਲਾਉਣ ਵਾਲਾ ਪਵਨ ਕੁਮਾਰ (ਭਰਾ) ਵੀ ਜ਼ਖਮੀ ਹੈ। ਥਾਣਾ ਸ਼ਾਹਪੁਰਕੰਡੀ ਦੇ ਸਬ-ਇੰਸਪੈਕਟਰ ਸੁਹੇਲ ਚੰਦ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੂੰ ਸ਼ਾਹਪੁਰਕੰਡੀ ਟਾਊਨਸ਼ਿਪ ਦੇ ਟੀ-2 ਬਲਾਕ ਵਿੱਚ ਨਿਧੀ ਆਪਣੇ ਭਰਾ ਪਵਨ ਤੇ ਭੈਣ ਨਾਲ ਆਪਣੇ ਭੂਆ ਦੇ ਲੜਕੇ ਦੀ ਸ਼ਾਦੀ ਸਮਾਗਮ ਵਿੱਚ ਮਹਿੰਦਰਾ ਥਾਰ ਗੱਡੀ ਨੰਬਰ (ਪੀ.ਬੀ-35 ਡਬਲਯੂ-8307) ’ਤੇ ਸ਼ਾਮਲ ਹੋਣ ਲਈ ਆਈ ਹੋਈ ਸੀ। ਦੇਰ ਰਾਤ ਨੂੰ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡ ਕੇ ਸ਼ਾਹਪੁਰਕੰਡੀ ਟਾਊਨਸ਼ਿਪ ਵਿੱਚ ਆ ਰਹੇ ਸੀ ਕਿ ਵਰਕਸ਼ਾਪ ਕੋਲ ਪੁੱਜਣ ’ਤੇ ਸਪੀਡ ਬਰੇਕਰ ਤੋਂ ਗੱਡੀ ਉਛਲਣ ਨਾਲ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਪਲਟ ਗਈ ਤੇ ਬਾਰੀ ਖੁੱਲ੍ਹ ਜਾਣ ਨਾਲ ਨਿਧੀ ਸੀਟ ਤੋਂ ਹੇਠਾਂ ਡਿੱਗ ਕੇ ਗੱਡੀ ਦੇ ਥੱਲੇ ਆ ਗਈ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਸ਼ਾਹਪੁਰਕੰਡੀ ਦੀ ਪੁਲੀਸ ਵੱਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।