ਸੈਕਟਰ-17 ਦੇ ਸ਼ੋਅਰੂਮਾਂ ਦੇ ਮਾਲਕਾਂ ਨੇ ਮਾਰਕੀਟ ਨੂੰ ਫੜ੍ਹੀ ਬਜ਼ਾਰ ਬਣਾਉਣ ਵਿਰੁੱਧ ਅੱਜ ਸ਼ਾਮ ਨੂੰ ਸ਼ੋਅਰੂਮ ਬੰਦ ਕਰਕੇ ਬਲੈਕਆਊਟ ਕੀਤਾ ਅਤੇ ਕੈਂਡਲ ਮਾਰਚ ਕਰਕੇ ਪ੍ਰਸ਼ਾਸਨ ਤੇ ਨਿਗਮ ਦੇ ਅਧਿਕਾਰੀਆਂ ਨੂੰ ਫਿਟਕਾਰਾਂ ਪਾਈਆਂ। ਇਸ ਪ੍ਰਦਰਸ਼ਨ ਦੌਰਾਨ ਦੁਕਾਨਦਾਰਾਂ ਨੇ ਸ਼ਾਮ ਨੂੰ 5.30 ਵਜੇ ਤੋਂ ਲੈ ਕੇ 6.30 ਵਜੇ ਤਕ ਸ਼ੋਅਰੂਮ ਬੰਦ ਰੱਖੇ। ਸ਼ੋਅਰੂਮਾਂ ਦੇ ਬਾਹਰ ਲਗੇ ਸਾਈਨ ਬੋਰਡਾਂ ਦੀਆਂ ਬੱਤੀਆ ਵੀ ਗੁਲ ਕਰ ਦਿੱਤੀਆਂ ਗਈਆਂ ਅਤੇ ਸੈਕਟਰ 17 ਹਨੇਰੇ ਵਿਚ ਡੁੱਬ ਗਿਆ। ਇਸ ਮੌਕੇ ਦੁਕਾਨਾਂ ਦਾ ਕੰਮ ਠੱਪ ਰਿਹਾ ਤੇ ਫੜ੍ਹੀਆਂ ਵਾਲੇ ਆਪਣੀ ਵਿਕਰੀ ਕਰਦੇ ਰਹੇ। ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਵੋਹਰਾ ਨੇ ਐਲਾਨ ਕੀਤਾ ਹੈ ਕਿ ਸਾਰੇ ਸ਼ਹਿਰ ਦੇ ਦੁਕਾਨਦਾਰ ਇਸ ਸਮੱਸਿਆ ਵਿਰੁੱਧ ਸੰਘਰਸ਼ ਛੇੜਣਗੇ। ਐਕਸ਼ਨ ਕਮੇਟੀ ਦੇ ਆਗੂਆਂ ਨੀਰਜ ਬਜਾਜ, ਜਗਦੀਸ਼ਪਾਲ ਕਾਲੜਾ, ਸੁਭਾਸ਼ ਕਟਾਰੀਆ, ਸੰਜੀਵ ਚੱਢਾ, ਐਚਐਸ ਗੁਜਰਾਲ, ਵਰਿੰਦਰ ਗੁਲੇਰੀਆ, ਐਲਸੀ ਅਰੋੜਾ, ਕਮਲਜੀਤ ਪੰਛੀ ਆਦਿ ਦੀ ਅਗਵਾਈ ਹੇਠ ਸੈਕਟਰ-17 ਵਿਚ ਬਲੈਕਆਊਟ ਕਰਕੇ ਨਗਰ ਨਿਗਮ ਦੇ ਦਫਤਰ ਤਕ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਵੋਟ ਰਾਜਨੀਤੀ ਤਹਿਤ ਗੈਰ-ਯੋਜਨਾਬੱਧ ਢੰਗ ਨਾਲ ਫੜ੍ਹੀਆਂ ਲਈ ਥਾਂ ਅਲਾਟ ਕਰਕੇ ਸ਼ਹਿਰ ਦੀ ਦਿੱਖ ਖਰਾਬ ਕੀਤੀ ਜਾ ਰਹੀ ਹੈ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਪ੍ਰਸ਼ਾਸਨ ਵੱਲੋਂ ਸੈਕਟਰ-17 ਨੂੰ ਨੋ-ਵੈਂਡਿਗ ਜ਼ੋਨ ਐਲਾਨਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਥੇ ਫੜ੍ਹੀਆਂ ਦੀ ਭਰਮਾਰ ਹੈ। ਆਗੂਆਂ ਨੇ ਐਲਾਨ ਕੀਤਾ ਕਿ 14 ਦਸੰਬਰ ਨੂੰ ਨਗਰ ਨਿਗਮ ਦੇ ਦਫਤਰ ਮੂਹਰੇ ਢੋਲ, ਵਾਜੇ ਤੇ ਭੌਂਪੂ ਲੈ ਕੇ ਮਨਿਆਦੀ ਕੀਤੀ ਜਾਵੇਗੀ ਤਾਂ ਜੋ ਅਧਿਕਾਰੀਆਂ ਤੇ ਸਿਆਸੀ ਆਗੂਆਂ ਦੇ ਕੰਨਾਂ ਵਿਚ ਵਪਾਰੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ। ਇਸ ਮਗਰੋਂ 17 ਦਸੰਬਰ ਨੂੰ ਨਿਗਮ ਦੇ ਦਫਤਰ ਮੂਹਰੇ ਸ਼ੋਅਰੂਮਾਂ ਦੇ ਮਾਲਕ ਫੜ੍ਹੀਆਂ ਲਾ ਕੇ ਆਪਣਾ ਹਸ਼ਰ ਜਨਤਾ ਸਾਹਮਣੇ ਰੱਖਣਗੇ। ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ 19 ਦਸੰਬਰ ਨੂੰ ਮਾਲਕ ਆਪਣੇ ਸ਼ੋਅਰੂਮਾਂ ਨੂੰ ਤਾਲੇ ਲਾ ਕੇ ਚਾਬੀਆਂ ਨਿਗਮ ਦੇ ਕਮਿਸ਼ਨਰ ਨੂੰ ਸੌਂਪ ਦੇਣਗੇ। ਇਸੇ ਦੌਰਾਨ ਦੁਕਾਨਦਾਰਾਂ ਦੇ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਕੀਤੀ ਤਾਂ ਜੋ ਇਸ ਸਮੱਸਿਆ ਦਾ ਜਲਦ ਹੱਲ ਕੱਢਿਆ ਜਾ ਸਕੇ।
INDIA ਸੈਕਟਰ-17 ਦੇ ਦੁਕਾਨਦਾਰ ਪ੍ਰਸ਼ਾਸਨ ਖ਼ਿਲਾਫ਼ ਭੜਕੇ