ਮੈਦਾਨਾਂ ’ਚ ਮੀਂਹ ਤੇ ਪਹਾੜਾਂ ’ਚ ਬਰਫ਼ ਨੇ ਕਾਂਬਾ ਛੇੜਿਆ

ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਅੱਜ ਤੜਕੇ ਤੋਂ ਪੈ ਰਹੇ ਹਲਕੇ ਤੇ ਦਰਮਿਆਨੇ ਮੀਂਹ ਨੇ ਠੰਢ ਇਕਦਮ ਵਧਾ ਦਿੱਤੀ ਹੈ ਅਤੇ ਪਾਰਾ ਚਾਰ ਤੋਂ ਲੈ ਕੇ ਦਸ ਦਰਜੇ ਸੈਲਸੀਅਸ ਤਕ ਹੇਠਾਂ ਆ ਗਿਆ ਹੈ। ਉਂਜ ਮੀਂਹ ਹਾੜੀ ਦੀਆਂ ਫ਼ਸਲਾਂ ਲਈ ਵਰਦਾਨ ਸਾਬਿਤ ਹੋਵੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ ਵਿਚ ਹਲਕੀ ਤੋਂ ਲੈ ਕੇ ਸੰਘਣੀ ਧੁੰਦ ਵੀ ਪਏਗੀ। ਮੀਂਹ ਨਾਲ ਫ਼ਸਲਾਂ, ਬੂਟਿਆਂ ਅਤੇ ਰੁੱਖਾਂ ਤੋਂ ਧੂੜ ਧੋਤੀ ਗਈ ਹੈ ਜਿਸ ਨਾਲ ਰੁੱਖ ਹਰੇ ਕਚੂਚ ਦਿਖਾਈ ਦੇਣ ਲੱਗੇ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਟਿਆਲਾ, ਹਲਵਾਰਾ, ਫਰੀਦਕੋਟ, ਸੰਗਰੂਰ, ਮਾਨਸਾ ਅਤੇ ਕੁਝ ਹੋਰ ਥਾਵਾਂ ’ਤੇ ਹਲਕੀ ਤੇ ਦਰਮਿਆਨੀ ਵਰਖਾ ਹੋਈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਦਾ ਕਾਫੀ ਦੇਰ ਤਕ ਅਸਰ ਰਹੇਗਾ ਕਿਉਂਕਿ ਕਿਸਾਨਾਂ ਨੇ ਕਣਕ ਦੀ ਬਿਜਾਈ ਕਰਦੇ ਸਮੇਂ ਪਰਾਲੀ ਨੂੰ ਖੇਤਾਂ ਵਿਚ ਵਾਹਿਆ ਹੈ। ਇਸ ਕਰਕੇ ਧਰਤੀ ’ਚ ਨਮੀ ਕਾਫੀ ਸਮੇਂ ਤਕ ਰਹੇਗੀ। ਹਰਿਆਣਾ ਦੇ ਹਿਸਾਰ, ਫਤਿਆਬਾਦ, ਸਿਰਸਾ, ਕੈਥਲ, ਅੰਬਾਲਾ, ਕਰਨਾਲ, ਭਿਵਾਨੀ ਅਤੇ ਕੁਝ ਹੋਰ ਇਲਾਕਿਆਂ ਵਿਚ ਵੀ ਮੀਂਹ ਪਿਆ ਹੈ।

ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅੱਜ ਤੜਕੇ ਤੋਂ ਦੇਰ ਸ਼ਾਮ ਤਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਦਿਨ ਦਾ ਤਾਪਮਾਨ 12.1 ਡਿਗਰੀ ਸੈਲਸੀਅਸ ਹੋ ਗਿਆ ਜਿਹੜਾ ਆਮ ਨਾਲੋਂ ਪੰਜ ਦਰਜੇ ਘੱਟ ਹੈ। ਪਠਾਨਕੋਟ, ਆਦਮਪੁਰ, ਬਠਿੰਡਾ, ਪਟਿਆਲਾ ਦਾ ਤਾਪਮਾਨ ਵੀ ਆਮ ਨਾਲੋਂ ਚਾਰ ਤੋਂ ਪੰਜ ਦਰਜੇ ਸੈਲਸੀਅਸ ਹੇਠਾਂ ਆ ਗਿਆ।