ਲਾਰੇ, ਵਾਅਦੇ ਅਤੇ ਝੂਠ ਤੰਤਰ

– ਸ਼ਾਮ ਸਿੰਘ ਅੰਗ ਸੰਗ
ਲਾਰੇ, ਵਾਅਦੇ ਅਤੇ ਝੂਠ ਤੰਤਰ ਦੀ ਗੱਲ ਕਰਦਿਆਂ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਜੇ ਲਾਰੇ ਅਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਦੇਸ਼ ਵਾਸੀਆਂ ਨਾਲ ਵੀ ਧ੍ਰੋਹ ਹੈ ਅਤੇ ਪੂਰੀ ਮਾਨਵਤਾ ਨਾਲ ਵੀ।
ਫੋਕੇ ਦਿਲਾਸੇ ਅਤੇ ਝੂਠੇ ਵਚਨ ਨੂੰ ਲਾਲੀਪਾਪ ਬਣਾ ਕੇ ਅੱਖਾਂ ਅੱਗੇ ਲਟਕਾਉਣ ਅਤੇ ਸੋਚਾਂ ਉੱਤੇ ਟੰਗ ਦੇਣ ਨਾਲ ਥੋੜ੍ਹੇ ਜਿਹੇ ਸਮੇਂ ਲਈ ਭਰਮ ਜਾਲ ਤਾਂ ਵਿਛਾਇਆ ਜਾ ਸਕਦਾ ਹੈ, ਪਰ ਚਿਰ-ਸਥਾਈ ਪ੍ਰਭਾਵ ਕਾਇਮ ਨਹੀਂ ਕੀਤਾ ਜਾ ਸਕਦਾ। ਲਾਰਾ ਲਾਉਣਾ ਨਾਂਹ-ਪੱਖੀ ਕਿਰਿਆ ਹੈ, ਜਿਸ ਕਰ ਕੇ ਹੀ ਲਾਰੇਬਾਜ਼ੀ ਇੱਕ ਤੋਂ ਵੱਧ ਵਾਰ ਕਾਮਯਾਬ ਨਹੀਂ ਹੁੰਦੀ। ਲਾਰੇ ਲਾਉਣ ਵਾਲੇ ਲਾਰੇਬਾਜ਼ ਅਜਿਹੀ ਬੁਰੀ ਤਰ੍ਹਾਂ ਬਦਨਾਮ ਹੋ ਜਾਂਦੇ ਹਨ ਕਿ ਮੁੜ ਉਨ੍ਹਾਂ ‘ਤੇ ਕੋਈ ਵੀ ਇਤਬਾਰ ਨਹੀਂ ਕਰਦਾ।
ਉਹ ਆਪਣੀ ਖੇਡ ਆਪ ਹੀ ਵਿਗਾੜ ਲੈਂਦੇ ਹਨ, ਜਿਹੜੇ ਫੇਰ ਦੇਰ ਤੱਕ ਆਪਣੇ ਪੈਰਾਂ ‘ਤੇ ਖੜੇ ਨਹੀਂ ਹੋ ਸਕਦੇ। ਲਾਰਿਆਂ ਦੀ ਮਾਰ ਖਾਣ ਵਾਲਿਆਂ ਨੂੰ ਪਹਿਲਾਂ ਤਾਂ ਖ਼ੁਦ ਸ਼ਿਕਾਰ ਬਣ ਜਾਣ ਦਾ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਸੱਚਾਈ ਜਾਣ ਲੈਂਦੇ ਹਨ ਤਾਂ ਉਨ੍ਹਾਂ ਦੇ ਪੱਲੇ ਪਛਤਾਵੇ ਅਤੇ ਨਿਰਾਸ਼ਤਾ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਰਹਿ ਜਾਣ ਤੜਪਦੇ।
ਭਾਰਤ ਦੇ ਸਿਆਸਤਦਾਨ ਲਾਰੇ ਲਾਉਣ ਵਿੱਚ ਦੁਨੀਆ ਭਰ ‘ਚ ਨੰਬਰ ਇੱਕ ‘ਤੇ ਹਨ, ਜਿਨ੍ਹਾਂ ਦਾ ਮੁਕਾਬਲਾ ਕਿਸੇ ਵੀ ਦੇਸ਼ ਦੇ ਸਿਆਸਤਦਾਨ ਨਹੀਂ ਕਰ ਸਕਦੇ। ਨਾਲ ਹੀ ਭਾਰਤ ਦੇ ਹਰ ਤਰ੍ਹਾਂ ਦੇ ਅਧਿਕਾਰੀ ਵੀ ਸਿਆਸਤਦਾਨਾਂ ਦੀਆਂ ਪੈੜਾਂ ‘ਤੇ ਚੱਲਦਿਆਂ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਲਾਰਿਆਂ ‘ਚ ਉਲਝਾਈ ਰੱਖਣ ਵਿੱਚ ਹੀ ਆਪਣਾ ਮਾਣ ਸਮਝਦਿਆਂ ਕਿਸੇ ਤਰ੍ਹਾਂ ਵੀ ਸ਼ਰਮ ਮਹਿਸੂਸ ਨਹੀਂ ਕਰਦੇ।
ਲਾਰੇ ਤੋਂ ਅੱਗੇ ਵਾਅਦੇ ਦੀ ਵਾਰੀ ਆਉਂਦੀ ਹੈ, ਜਿਸ ‘ਤੇ ਸ਼ੱਕ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ। ਉਹ ਇਸ ਲਈ ਕਿ ਵਾਅਦਾ ਜ਼ਿੰਮੇਵਾਰ ਨੇਤਾ ਵੱਲੋਂ ਕੀਤਾ ਜਾ ਰਿਹਾ ਹੁੰਦਾ ਹੈ, ਜਿਸ ਨੇ ਆਪਣੀ ਸਾਖ਼ ਬਣਾਈ ਰੱਖਣ ਲਈ ਵਾਅਦਾ ਨਿਭਾਉਣਾ ਹੀ ਹੁੰਦਾ ਹੈ। ਜੇ ਵਾਅਦਾ ਪੂਰਾ ਨਾ ਕੀਤਾ ਜਾਵੇ ਤਾਂ ਜਿਸ ਨਾਲ ਵਾਆਦਾ ਕੀਤਾ ਜਾਵੇ, ਉਹ ਵੀ ਮਾਰ ਖਾ ਜਾਂਦਾ ਹੈ ਅਤੇ ਵਾਅਦਾ ਕਰਨ ਵਾਲਾ ਵੀ ਨਹੀਂ ਬਚਦਾ।
ਵਾਅਦੇ ਕਰਨ ਸਮੇਂ ਸਿਆਸਤਦਾਨ ਕਦੇ ਕੰਜੂਸੀ ਨਹੀਂ ਵਰਤਦੇ ਅਤੇ ਨਾ ਉਨ੍ਹਾਂ ਦੀ ਸੂਚੀ ਲੰਮੀ ਕਰਨ ਵਿੱਚ ਕੋਈ ਝਿਜਕ ਦਿਖਾਉਂਦੇ ਹਨ, ਪਰ ਉਨ੍ਹਾਂ ਨੂੰ ਪੂਰੇ ਕਰਨ ਵਿੱਚ ਏਨੀ ਢਿੱਲ ਕਰਦੇ ਹਨ ਕਿ ਵਰ੍ਹਿਆਂ ਤੱਕ ਪੂਰੇ ਨਹੀਂ ਕੀਤੇ ਜਾਂਦੇ। ਰਾਜਨੀਤਕ ਪਾਰਟੀਆਂ ਬਣਦੀਆਂ-ਟੁੱਟਦੀਆਂ ਰਹਿੰਦੀਆਂ ਹਨ ਅਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ।
ਭਾਰਤ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੇ ਲੋਕਾਂ ਨਾਲ ਏਨੇ ਵਾਅਦੇ ਕੀਤੇ ਗਏ ਕਿ ਉਹ ਅਜੇ ਤੱਕ ਉਡੀਕ ਦੀ ਕਤਾਰ ਵਿੱਚੋਂ ਪਰੇ ਨਹੀਂ ਹੋਏ। ਹਰ ਕੋਈ ਹੀ ਆਪਣੇ ਬੈਂਕ ਖਾਤੇ ਵਿੱਚ ਆਉਣ ਵਾਲੇ 15 ਲੱਖ ਰੁਪਏ ਉਡੀਕ ਰਿਹਾ ਅਤੇ ਅੱਛੇ ਦਿਨਾਂ ਦਾ ਇੰਤਜ਼ਾਰ ਕਰੀ ਜਾ ਰਿਹਾ ਹੈ। ਪੂਰਾ ਦੇਸ਼ ਵਿਦੇਸ਼ਾਂ ‘ਚੋਂ ਕਾਲੇ ਧਨ ਦੇ ਆਉਣ ਦੀ ਆਸ ਲਗਾਈ ਬੈਠਾ ਹੈ, ਜੋ ਨਹੀਂ ਆਉਣਾ।
ਵਾਅਦੇ ਕਰਨ ਵਾਲੇ ਹਾਸੋਹੀਣੀ ਹਰਕਤ ਕਰਦਿਆਂ ਸੁਰਖੁਰੂ ਹੋ ਕੇ ਬਹਿ ਗਏ, ਜਦੋਂ ਵਾਅਦਿਆਂ ਦੀ ਲੰਮੀ ਸੂਚੀ ਨੂੰ ਜੁਮਲਾ ਕਰਾਰ ਦੇ ਕੇ ਆਪਣਾ ਪੱਲਾ ਹੀ ਝਾੜ ਗਏ। ਦੇਸ਼ ਦੇ ਲੋਕ ਵਾਅਦਿਆਂ ਦੇ ਨਾਂਅ ਉੱਤੇ ਦਿਨੇ ਦੀਵੀਂ ਠੱਗੇ ਗਏ, ਪਰ ਠੱਗਣ ਵਾਲਿਆਂ ‘ਤੇ ਕੋਈ ਕਾਰਵਾਈ ਹੀ ਨਹੀਂ ਹੋਈ। ਇਹ ਕੇਹਾ ਲੋਕਤੰਤਰ ਹੈ ਕਿ ਸਮੁੱਚੇ ਦੇਸ਼ ਨਾਲ ਧੋਖਾ ਕਰਨ ਵਾਲੇ ਮਹਾਂ-ਅਪਰਾਧੀ ਨਾ ਸਮਝੇ ਜਾਣ ਅਤੇ ਵਾਅਦਾ-ਖ਼ਿਲਾਫ਼ੀ ਤੋਂ ਬਚੇ ਰਹਿਣ!
ਲਾਰਿਆਂ ਅਤੇ ਵਾਅਦਿਆਂ ਨੂੰ ਪੂਰੇ ਨਾ ਕਰਨ ਕਰ ਕੇ ਜਿਹੜੇ ਝੂਠ ਤੰਤਰ ਦੇ ਸਹਾਰੇ ਹਕੂਮਤ ਬਣਾਈ ਗਈ ਅਤੇ ਚਲਾਈ ਗਈ, ਉਸ ਨੇ ਦੇਸ਼ ਦੇ ਲੋਕਾਂ ਦਾ ਭਰੋਸਾ ਤੋੜ ਕੇ ਰੱਖ ਦਿੱਤਾ। ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨ ਅਤੇ ਹੁਕਮਰਾਨ ਅਜਿਹਾ ਕਰਨ ਤਾਂ ਇਹ ਮੁਆਫ਼ੀ ਯੋਗ ਨਹੀਂ। ਅਜਿਹਾ ਧੋਖਾ ਕਰਨ ਵਾਲਿਆਂ ‘ਤੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਜੇ ਅਜਿਹਾ ਕਨੂੰਨ ਨਹੀਂ ਤਾਂ ਹਰ ਸੂਰਤ ਬਣਾਉਣਾ ਚਾਹੀਦਾ ਹੈ, ਤਾਂ ਜੁ ਭਵਿੱਖ ‘ਚ ਦੇਸ਼ ਨਾਲ ਧੋਖਾ ਨਾ ਹੋ ਸਕੇ। ਝੂਠ ਤੰਤਰ ਦੇ ਸਿਰਜਕਾਂ ਅਤੇ ਪੈਰੋਕਾਰਾਂ ਲਈ ਅਜਿਹੀ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਵੇ ਕਿ ਉਨ੍ਹਾਂ ਦੀ ਸਾਰੀ ਉਮਰ ਜੇਲ੍ਹਾਂ ਵਿੱਚ ਹੀ ਗੁਜ਼ਰੇ, ਤਾਂ ਜੁ ਲੋਕਾਂ ਨਾਲ ਕੀਤੇ ਗਏ ਮਹਾਂ-ਧੋਖੇ ਦਾ ਬਣਦਾ ਵਾਜਬ ਬਦਲਾ ਵਿਧੀ ਮੁਤਾਬਕ ਲਿਆ ਜਾ ਸਕੇ।
ਲਾਰੇਬਾਜ਼ੀ ਅਤੇ ਵਾਅਦਾ-ਖ਼ਿਲਾਫ਼ੀ ਲਈ ਦੇਸ਼ ਦੇ ਸਿਆਸਤਦਾਨਾਂ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਇਨ੍ਹਾਂ ਨਾਲ ਝੂਠ ਤੰਤਰ ਦੀ ਵਬਾ ਫੈਲਦੀ ਹੈ, ਜੋ ਕਦੇ ਦੇਸ਼ ਦਾ ਭਲਾ ਨਹੀਂ ਕਰਦੀ। ਚੰਗਾ ਹੋਵੇ, ਜੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਅਤੇ ਸਿਆਸਤਦਾਨ ਉਹੀ ਵਾਅਦੇ ਕਰਨ, ਜੋ ਪੂਰੇ ਕਰ ਸਕਣ ਅਤੇ ਲਾਰੇਬਾਜ਼ੀ ਤੋਂ ਤਾਂ ਤੌਬਾ ਹੀ ਕਰਨ।
ਮੋਹਨਜੀਤ ਨੂੰ ਇਨਾਮ

ਦੇਰ ਬਾਅਦ ਹੀ ਸਹੀ, ਪਰ ਹੋਇਆ ਇਹ ਚੰਗਾ ਕਿ ਸਾਹਿਤ ਅਕਾਦਮੀ ਦਿੱਲੀ ਨੇ ਪੰਜਾਬੀ ਦੇ ਕਵੀ ਮੋਹਨਜੀਤ ਨੂੰ ਇਸ ਵਾਰ ਇਨਾਮ ਦੇ ਦਿੱਤਾ। ਉਸ ਦੇ ਕਾਵਿ ਸੰਗ੍ਰਹਿ ‘ਕੋਣੇ ਦਾ ਸੂਰਜ’ ਨੂੰ ਮਿਲਿਆ ਇਹ ਇਨਾਮ ਉਸ ਦੇ 80 ਵਰ੍ਹਿਆਂ ਨੂੰ ਸਰਸ਼ਾਰ ਕਰ ਗਿਆ, ਕਿਉਂਕਿ ਉਹ ਸਹਿਜ ਨਾਲ ਰਚਨਾ ਕਰਦਾ ਗਿਆ, ਪਰ ਦਿੱਲੀ ਵਿੱਚ ਰਹਿੰਦਿਆਂ ਵੀ ਝੁਕਿਆ ਨਹੀਂ ਅਤੇ ਇਨਾਮ ਦੇਣ ਵਾਲਿਆਂ ਪਿੱਛੇ ਦੌੜਿਆ ਨਹੀਂ। ਇਨਾਮ ਦੇਣ ਵਾਲੇ ਤਾਂ ਸਮੇਂ-ਸਮੇਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਦੇਵਿੰਦਰ ਸਤਿਆਰਥੀ ਨੂੰ ਇਨਾਮ ਦੇਣ ‘ਚ ਕੁਤਾਹੀ ਕਰ ਗਏ, ਜਿਸ ਲਈ ਉਨ੍ਹਾਂ ਨੂੰ ਇਨ੍ਹਾਂ ਦੀਆਂ ਕਬਰਾਂ ‘ਤੇ ਜਾ ਕੇ ਦਰਵੇਸ਼ ਰੂਹਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਤਾਂ ਕਿ ਜਿਹੜੇ ਜਿਉਂਦੇ-ਜਾਗਦੇ ਹਨ, ਉਨ੍ਹਾਂ ਨੂੰ ਕੀਤੀ ਵੱਡੀ ਗ਼ਲਤੀ ਦਾ ਅਹਿਸਾਸ ਹੋ ਸਕੇ।
ਮੋਹਨਜੀਤ ਖੁੱਲ੍ਹੀ ਕਵਿਤਾ ਦੀ ਸਿਰਜਣ ਪ੍ਰਕਿਰਿਆ ਵਿੱਚ ਵੀ ਪ੍ਰਪੱਕ ਹੈ ਅਤੇ ਗੀਤ ਦੀ ਗਹਿਰੀ ਆਤਮਾ ਫੜਨ ਵਿੱਚ ਵੀ। ਉਹ ਇਤਿਹਾਸ  ਦੀ ਗੱਲ ਵੀ ਕਰਦਾ ਹੈ, ਮਿਥਿਹਾਸ ਦੀ ਵੀ। ਉਹ ਕਿੰਨੀਆਂ ਧਿਰਾਂ ਦੇ ਕਿੰਨੇ ਪੱਖਾਂ ਦੀ ਗੱਲ ਦੇ ਵਿਵਰਣ ਪੇਸ਼ ਕਰਦਾ ਹੈ, ਇਸ ਦਾ ਹਿਸਾਬ ਲਾਉਣਾ ਆਸਾਨ ਕੰਮ ਨਹੀਂ।
ਅਤੀਤ ਦੀਆਂ ਤਰਬਾਂ ਛੇੜਦਿਆਂ ਵੀ ਉਹ ਅੱਜ ਦੀ ਗੱਲ ਕਰਨੀ ਨਹੀਂ ਭੁੱਲਦਾ। ਉਸ ਨੂੰ ਸ਼ਾਇਰੀ ਦੀਆਂ ਅਮੀਰ ਰਮਜ਼ਾਂ ਦਾ ਵੀ ਇਲਮ ਹੈ ਅਤੇ ਅਜਨਬੀ ਤਰਬਾਂ ਦਾ ਵੀ, ਜਿਸ ਕਾਰਨ ਉਹ ਸਹਿਜ ਵਿੱਚ ਹੀ ਸੁਹਜ ਵੀ ਰਚਦਾ ਹੈ ਅਤੇ ਬੌਧਿਕ ਹੁਸਨ ਵੀ, ਜੋ ਪਾਠਕ ਨੂੰ ਦਸ਼ਾ ਵੀ ਦੱਸਦੇ ਹਨ ਅਤੇ ਦਿਸ਼ਾ ਵੀ, ਗਿਆਨ ਵੀ ਦਿੰਦੇ ਹਨ ਅਤੇ ਰੋਸ਼ਨੀ ਵੀ। ਇਹ ਕੁਝ ਘੱਟ ਨਹੀਂ।
ਸਹਿਕਦਾ ਸ਼ਹਿਰ, ਤੁਰਦੇ ਫਿਰਦੇ ਮਸਖਰੇ, ਵਰਵਰੀਕ, ਗੂੜ੍ਹੀ ਲਿਖਤ ਵਾਲਾ ਵਰਕਾ, ਡਾਟਾਂ ਵਾਲੇ ਖ਼ੂਹ, ਓਹਲੇ ਵਿੱਚ ਉਜਿਆਰਾ, ਹਵਾ ਪਿਆਜ਼ੀ ਉਸ ਦੇ ਕਾਵਿ ਸੰਗ੍ਰਹਿ ਹਨ, ਜੋ ਨਵ-ਕਵੀਆਂ ਲਈ ਅਮੀਰ ਪੈੜਾਂ ਵੀ ਹਨ ਅਤੇ ਰਾਹ-ਦਸੇਰਾ ਵੀ। ਮੋਹਨਜੀਤ ਨੂੰ ਬਹੁਤ-ਬਹੁਤ ਮੁਬਾਰਕਾਂ, ਕਿਉਂਕਿ ਦੇਰ ਬਾਅਦ ਹੀ ਸਹੀ, ਚੰਗੀ ਖ਼ਬਰ ਮਿਲੀ।

ਲਤੀਫ਼ੇ ਦਾ ਚਿਹਰਾ-ਮੋਹਰਾ
ਹੜ੍ਹ ਪ੍ਰਭਾਵਤ ਇਲਾਕੇ ‘ਚ ਮਲੇਰੀਆ ਅਤੇ ਹੈਜ਼ਾ ਫੈਲਿਆ ਹੋਇਆ ਸੀ। ਇੱਕ ਪੱਤਰਕਾਰ ਨੇ ਉੱਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, ‘ਕੀ ਇਸ ਖੇਤਰ ‘ਚ ਮੌਤਾਂ ਦੀ ਦਰ ‘ਚ ਗਿਰਾਵਟ ਆਈ ਹੈ?’
‘ਜੀ ਹਾਂ।’ ਮੈਡੀਕਲ ਅਧਿਕਾਰੀ ਨੇ ਕਿਹਾ, ‘ਕੁਝ ਦਿਨ ਪਹਿਲਾਂ ਤੱਕ ਇਹ ਦਰ 15 ਸੀ, ਹੁਣ 11.7 ਰਹਿ ਗਈ ਹੈ।’
’10 ਅਤੇ 11 ਜਾਂ 12 ਦੀ ਗੱਲ ਤਾਂ ਸਮਝ ‘ਚ ਆਉਂਦੀ ਹੈ, ਪਰ ਇਹ 11.7 ਤੋਂ ਤੁਹਾਡਾ ਕੀ ਮਤਲਬ ਹੋਇਆ?’
‘ਮਤਲਬ ਬਿਲਕੁਲ ਸਾਫ਼ ਹੈ’। ਅਧਿਕਾਰੀ ਨੇ ਕਿਹਾ, ’11 ਵਿਅਕਤੀ ਮਰ ਚੁੱਕੇ ਹਨ ਅਤੇ 7 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ।’
***
ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਲੱਗਿਆ। ਉਸ ਨੇ ਕਿਹਾ, ‘ਬੇਟਾ, ਔਹ ਦੇਖੋ ਉੱਪਰ, ਸੋਨੇ ਦੀ ਘੁੱਗੀ ਉੱਡੀ ਜਾਂਦੀ।’
ਬੱਚਾ, ‘ਉੱਪਰ ਨਹੀਂ ਹੇਠਾਂ ਦੇਖੋ, ਕਿਤੇ ਪੈਰ ਹੀ ਨਾ ਕੱਟਿਆ ਜਾਵੇ। ਵੱਡਾ ਆਇਆ ਮਾਮਾ ਘੁੱਗੀ ਦਾ।’