ਭਗਵਾ ਪਾਰਟੀ ਦਾ ਝੂਠ ਬੇਨਕਾਬ ਹੋਇਆ: ਸਿੱਧੂ

ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ‘ਮੈਨ ਆਫ ਦਿ ਸੀਰੀਜ਼’ ਦੱਸਿਆ। ਉਨ੍ਹਾਂ ਕਿਹਾ ਕਿ ਤਿੰਨ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਚੰਗੇ ਪ੍ਰਦਰਸ਼ਨ ਨੇ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ‘ਵੱਡੀ ਜਿੱਤ’ ਦੀ ਨੀਂਹ ਰੱਖ ਦਿੱਤੀ ਹੈ। ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਕਿਹਾ, ‘‘ ਭਾਜਪਾ ਦੀ ਹਾਰ ਨੇ ਭਗਵਾ ਪਾਰਟੀ ਦਾ ਝੂਠ ਬੇਨਕਾਬ ਕਰ ਦਿੱਤਾ ਹੈ।’’ ਸ੍ਰੀ ਸਿੱਧੂ ਦਿੱਲੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ 24, ਅਕਬਰ ਰੋਡ ਸਥਿਤ ਪਾਰਟੀ ਦਫ਼ਤਰ ਵਿੱਚ ਪ੍ਰਦਰਸ਼ਨ ਦਾ ਜਸ਼ਨ ਮਨਾਉਣ ਲਈ ਕਾਂਗਰਸੀ ਵਰਕਰਾਂ ਨਾਲ ਸ਼ਾਮਲ ਹੋਏ। ਪਾਰਟੀ ਦਫ਼ਤਰ ਵਿੱਚ ਉਤਸਵ ਵਰਗਾ ਮਾਹੌਲ ਸੀ। ਸਿੱਧੂ ਨੇ ਦਾਅਵਾ ਕੀਤਾ , ‘‘ ਇਹ ਸਮਰਥਨ ਦਾ ਲੋਕਾਂ ਦਾ ਹੜ੍ਹ ਹੈ ਅਤੇ ਲੋਕਾਂ ਨੇ ਰਾਹੁਲ ਗਾਂਧੀ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ ਦੀ ਨੀਂਹ ਰੱਖ ਦਿੱਤੀ ਹੈ।’’