ਸਥਾਨਕ ਸੈਕਟਰ 53 ਅਤੇ 54 ਨੂੰ ਵੰਡਦੀ ਸੜਕ ’ਤੇ ਸਥਿਤ ਫਰਨੀਚਰ ਮਾਰਕੀਟ ਵਿੱਚ ਅੱਜ ਦੇਰ ਸ਼ਾਮ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇਹ ਅੱਗ ਸੈਕਟਰ-54 ਵਾਲੀ ਸਾਈਡ ’ਤੇ ਸਥਿਤ ਦੁਕਾਨਾਂ ਵਿੱਚ ਲੱਗੀ। ਇਸ ਦੌਰਾਨ 25 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਖ਼ਬਰ ਲਿਖੇ ਜਾਣ ਤੱਕ ਫਰਨੀਚਰ ਮਾਰਕੀਟ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਸਨ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਐੱਸਐੱਚਓ ਅਤੇ ਡੀਐੱਸਪੀ (ਸਾਊਥ) ਨਿਹਾਰਿਕਾ ਭੱਟ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸੈਕਟਰ-53 ਤੇ 54 ਵਾਲੀ ਸੜਕ ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ। ਅੱਗ ’ਤੇ ਕਾਬੂ ਪਾਉਣ ਲਈ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪਹੁੰਚੀਆਂ ਪਰ ਲੱਕੜ ਦੇ ਫਰਨੀਚਰ ਅਤੇ ਗੱਦਿਆਂ ਨੂੰ ਲੱਗੀ ਹੋਈ ਅੱਗ ਐਨੀ ਭਿਆਨਕ ਸੀ ਕਿ ਉਸ ’ਤੇ ਕਾਬੂ ਪਾਉਣਾ ਕਾਫੀ ਮੁਸ਼ਕਿਲ ਲੱਗ ਰਿਹਾ ਸੀ। ਦੁਕਾਨਦਾਰਾਂ ਨੇ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਦੁਕਾਨਾਂ ਵਿਚੋਂ ਬਚਿਆ ਹੋਇਆ ਫਰਨੀਚਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਮਗੋਂ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਫਰਨੀਚਰ ਮਾਰਕੀਟ ਵਿਚ ਬਲਣਯੋਗ ਪਦਾਰਥ ਵਧੇਰੇ ਮਾਤਰਾ ਵਿਚ ਪਏ ਹੁੰਦੇ ਹਨ, ਜਿਨ੍ਹਾਂ ਨੂੰ ਅੱਗ ਬਹੁਤ ਜਲਦੀ ਲੱਗਦੀ ਹੈ। ਖ਼ਬਰ ਲਿਖੇ ਜਾਣ ਤੱਕ ਮਾਰਕੀਟ ਵਿਚ ਅੱਗ ਲੱਗੀ ਹੋਈ ਸੀ ਅਤੇ ਫਾਇਰ ਬ੍ਰਿਗੇਡ ਤੇ ਪੁਲੀਸ ਅਧਿਕਾਰੀ ਮੌਕੇ ’ਤੇ ਮੌਜੂਦ ਸਨ।
INDIA ਫਰਨੀਚਰ ਮਾਰਕੀਟ ਵਿਚ ਅੱਗ ਲੱਗੀ