ਆਰਬੀਆਈ ਗਵਰਨਰ ਊਰਜਿਤ ਪਟੇਲ ਵੱਲੋਂ ਅਸਤੀਫ਼ਾ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਊਰਜਿਤ ਪਟੇਲ ਨੇ ਅੱਜ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਧਰ ਅਰਥਚਾਰੇ ਨਾਲ ਜੁੜੇ ਸਮੀਖਿਅਕਾਂ ਦਾ ਕਹਿਣਾ ਹੈ ਕਿ ਰੈਗੂਲੇਟਰੀ ਪ੍ਰਬੰਧ ਵਿੱਚ ਛੋਟਾਂ ਦੇਣ ਲਈ ਸਰਕਾਰ ਦਾ ਕੇਂਦਰੀ ਬੈਂਕ ’ਤੇ ਖਾਸਾ ਦਬਾਅ ਸੀ। ਇਸ ਦੌਰਾਨ ਆਰਬੀਆਈ ਨੇ ਆਪਣੇ ਡਿਪਟੀ ਗਵਰਨਰ ਵਿਰਲ ਅਚਾਰਿਆ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਰਿਪੋਰਟਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਸੂਤਰਾਂ ਮੁਤਾਬਕ ਆਰਬੀਆਈ ਵਿੱਚ ਸਭ ਤੋਂ ਸੀਨੀਅਰ ਡਿਪਟੀ ਗਵਰਨਰ ਐੱਨ.ਐੱਸ. ਵਿਸ਼ਵਨਾਥਨ ਨੂੰ ਪਟੇਲ ਦੀ ਥਾਂ ਕੇਂਦਰੀ ਬੈਂਕ ਦਾ ਅੰਤਰਿਮ ਮੁਖੀ ਲਾਇਆ ਜਾ ਸਕਦਾ ਹੈ। ਉਨ੍ਹਾਂ ਦੀ ਨਿਯੁਕਤੀ ਹੋਣ ’ਤੇ ਉਹ ਆਉਂਦੇ ਸ਼ੁੱਕਰਵਾਰ ਨੂੰ ਆਰਬੀਆਈ ਬੋਰਡ ਦੀ ਮੀਟਿੰਗ ਦੀ ਅਗਵਾਈ ਕਰ ਸਕਦੇ ਹਨ। ਸੂਤਰਾਂ ਮੁਤਾਬਕ ਪਟੇਲ ਦੇ ਜਾਨਸ਼ੀਨ ਦੀ ਭਾਲ ਕੈਬਨਿਟ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕੀਤੀ ਜਾਵੇਗੀ। ਪਟੇਲ ਵੱਲੋਂ ਅੱਜ ਅਚਾਨਕ ਅਸਤੀਫ਼ਾ ਦਿੱਤੇ ਜਾਣ ਮਗਰੋਂ ਸਰਕਾਰ ਵੱਲੋਂ ਇਹ ਕਮੇਟੀ ਬਣਾਈ ਗਈ ਹੈ। ਸ੍ਰੀ ਪਟੇਲ ਨੇ ਅੱਜ ਵਿੱਤੀ ਬਾਜ਼ਾਰ (ਸ਼ੇਅਰ ਬਾਜ਼ਾਰ) ਬੰਦ ਹੋਣ ਮਗਰੋਂ ਆਰਬੀਆਈ ਦੀ ਵੈੱਬਸਾਈਟ ’ਤੇ ਪਾਏ ਇਕ ਬਿਆਨ ਵਿੱਚ ਕਿਹਾ, ‘ਨਿੱਜੀ ਕਾਰਨਾਂ ਦੇ ਚਲਦਿਆਂ ਮੈਂ ਆਪਣੇ ਮੌਜੂਦਾ ਅਹੁਦੇ ਤੋਂ ਫ਼ੌਰੀ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ।’ ਸਮੀਖਿਅਕਾਂ ਨੇ ਕਿਹਾ ਆਰਬੀਆਈ ਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਪਟੇਲ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੀ ਮੁੱਖ ਵਜ੍ਹਾ ਹੋ ਸਕਦਾ ਹੈ। ਭਾਜਪਾ ਸਰਕਾਰ ’ਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਇਕ ਟੀਵੀ ਚੈਨਲ ਨੂੰ ਕਿਹਾ, ‘ਊਰਜਿਤ ਪਟੇਲ ਦੇ ਅਸਤੀਫ਼ੇ ਤੋਂ ਸਾਫ਼ ਹੈ ਕਿ ਕੁਝ ਵੀ ਨਹੀਂ ਬਦਲਿਆ। ਅਸਤੀਫੇ ਤੋਂ ਸਾਫ਼ ਹੈ ਕਿ ਸਰਕਾਰ ਆਰਬੀਆਈ ਦੇ ਕੰਮਕਾਜ ’ਚ ਦਖ਼ਲ ਦੇਣ ਦਾ ਯਤਨ ਰਹੀ ਹੈ।’ ਕਾਬਿਲੇਗੌਰ ਹੈ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿੱਗਦੇ ਅਰਥਚਾਰੇ ਨੂੰ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੜ ਪੈਰਾਂ ਸਿਰ ਕਰਨ ਲਈ ਆਰਬੀਆਈ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਕੁਝ ਬੈਂਕਾਂ ’ਤੇ ਲਾਈਆਂ ਰੈਗੂਲੇਟਰੀ ਰੋਕਾਂ ਨੂੰ ਨਰਮ ਕਰਨ ਦੇ ਨਾਲ ਵੱਧ ਨਗ਼ਦੀ ਤੇ ਪੂੰਜੀ ਨੇਮਾਂ ’ਚ ਰਾਹਤ ਦਿੱਤੀ ਜਾਵੇ। ਇਹੀ ਨਹੀਂ ਮੋਦੀ ਸਰਕਾਰ ਨੇ ਆਰਬੀਆਈ ਦੇ 18 ਮੈਂਬਰੀ ਬੋਰਡ ਵਿੱਚ ਆਪਣੇ ਨੁਮਾਇੰਦੇ ਫਸਾ ਦਿੱਤੇ ਸਨ। ਸਰਕਾਰ ਦੀ ਇਸ ਪੇਸ਼ਕਦਮੀ ਨੂੰ ਆਲੋਚਕ, ਕੇਂਂਦਰੀ ਬੈਂਕ ਦੀਆਂ ਰੈਗੂਲੇਟਰੀ ਤਾਕਤਾਂ ’ਤੇ ਵੱਧ ਕੰਟਰੋਲ ਦੇ ਯਤਨ ਵਜੋਂ ਵੇਖ ਰਹੇ ਸਨ। ਇਸ ਦੌਰਾਨ ਮੁੰਬਈ ਵਿੱਚ ਆਈਸੀਆਈਸੀਆਈ ਸਕਿਉਰਿਟੀਜ਼ ਪ੍ਰਾਇਮਰੀ ਡੀਲਰਸ਼ਿਪ ਦੇ ਮੁਖੀ ਏ.ਪ੍ਰਸੰਨਾ ਨੇ ਕਿਹਾ, ‘ਆਰਬੀਆਈ ਮੁਖੀ ਵੱਲੋਂ ਇਸ ਹਫ਼ਤੇ ਹੋਣ ਵਾਲੀ ਬੋਰਡ ਮੀਟਿੰਗ ਤੋਂ ਪਹਿਲਾਂ ਅਸਤੀਫ਼ਾ ਦਿੱਤੇ ਜਾਣ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਅਹਿਮ ਮੁੱਦਿਆਂ ’ਤੇ ਸਰਕਾਰ ਤੇ ਆਰਬੀਆਈ ਦੇ ਨਜ਼ਰੀਏ ਵਿੱਚ ਵੱਡਾ ਫਰਕ ਹੈ। ਉਧਰ ਸ਼ੇਅਰ ਬਾਜ਼ਾਰ ਦੇ ਸਮੀਖਿਅਕਾਂ ਨੇ ਕਿਹਾ ਕਿ ਪਟੇਲ ਦੇ ਅਸਤੀਫ਼ੇ ਨਾਲ ਭਲਕੇ ਮੰਗਲਵਾਰ ਨੂੰ ਵਿੱਤੀ ਮਾਰਕੀਟਾਂ ’ਚ ਵੱਡਾ ਕੋਹਰਾਮ ਮੱਚ ਸਕਦਾ ਹੈ। ਸਮੀਖਿਅਕਾਂ ਮੁਤਾਬਕ ਨਿਵੇਸ਼ਕ ਇਹ ਜਾਣਨਾ ਚਾਹੁਣਗੇ ਕਿ ਪਟੇਲ ਦਾ ਜਾਨਸ਼ੀਨ ਕੌਣ ਹੋਵੇਗਾ ਤੇ ਇਹ ਨਵੀਂ ਨਿਯੁਕਤੀ ਵਿੱਤੀ ਤੇ ਮੁਦਰਾ ਨੀਤੀ ਦੀ ਦਿਸ਼ਾ ਨੂੰ ਕਿਵੇਂ ਤੈਅ ਕਰੇਗੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਪਣੇ ਡਿਪਟੀ ਗਵਰਨਰ ਵਿਰਲ ਅਚਾਰੀਆ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਸਤੀਫ਼ੇ ਸਬੰਧੀ ਰਿਪੋਰਟਾਂ ਝੂਠੀਆਂ ਤੇ ਆਧਾਰਹੀਣ ਹਨ। ਆਰਬੀਆਈ ਦੇ ਬੁਲਾਰੇ ਨੇ ਕਿਹਾ, ‘ਡਿਪਟੀ ਗਵਰਨਰ ਅਚਾਰੀਆ ਵੱਲੋਂ ਅਹੁਦਾ ਛੱਡਣ ਦੀਆਂ ਰਿਪੋਰਟਾਂ ਬੇਬੁਨਿਆਦ ਤੇ ਗ਼ਲਤ ਹਨ।’