ਪੰਜਾਬ ਦੇ ਮਾੜੇ ਹਾਲਾਤ ਲਈ ਬੁਲਾਰਿਆਂ ਨੇ ਬਾਦਲਾਂ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ
ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਬੈਂਸ ਭਰਾਵਾਂ, ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਅਤੇ ਹੋਰ ਇਨਸਾਫ਼ ਪਸੰਦ ਆਗੂਆਂ ਤੇ ਲੋਕਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ, ਨਿਆਂ ਅਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਵਾਸਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅੱਜ ਪਟਿਆਲਾ ਲਈ ਇਨਸਾਫ਼ ਮਾਰਚ ਰਵਾਨਾ ਹੋਇਆ। ਮਾਰਚ 16 ਦਸੰਬਰ ਨੂੰ ਪਟਿਆਲਾ ਵਿੱਚ ਇਕੱਤਰਤਾ ਤੋਂ ਬਾਅਦ ਸਮਾਪਤ ਹੋਵੇਗਾ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਇਕੱਠ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਿੱਥੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਦੇ ਸਮਾਜਿਕ ਢਾਂਚੇ, ਧਾਰਮਿਕ, ਕੁਦਰਤੀ ਸਰੋਤਾਂ, ਆਰਥਿਕ, ਸੱਭਿਆਚਾਰਕ ਤੇ ਭਾਈਚਾਰਕ ਸਾਂਝ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਉੱਥੇ ਪੰਜਾਬ ਦੀ ਗੰਧਲੀ ਰਾਜਨੀਤੀ ਵੀ ਸੂਬੇ ਨੂੰ ਖਤਮ ਕਰ ਰਹੀ ਹੈ। ਸੂਬੇ ਦੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਲੱਖਾਂ ਦੀ ਤਾਦਾਦ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਹਨ, ਕਿਸੇ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਦੋਵੇਂ ਇੱਕ ਦੂਜੇ ਦਾ ਬਚਾਅ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨਸਾਫ਼ ਮਾਰਚ ਨੂੰ ਫੇਲ੍ਹ ਕਰਨ ਲਈ ਜਾਣ ਬੁੱਝ ਕੇ ਸਰਦ ਰੁੱਤ ਦਾ ਸੈਸ਼ਨ ਇਨਸਾਫ਼ ਮਾਰਚ ਦੇ ਦਿਨਾਂ ਵਿੱਚ ਰੱਖਿਆ ਹੈ ਤਾਂ ਜੋ ਮਾਰਚ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕ ਸੈਸ਼ਨ ਵਿੱਚ ਹਾਜ਼ਰ ਹੋਣ ਪਰ ਉਹ ਸੈਸ਼ਨ ਵਿੱਚ ਜਾਣ ਦੀ ਥਾਂ ਮਾਰਚ ਵਿੱਚ ਸ਼ਾਮਲ ਰਹਿਣਗੇ। ਸ੍ਰੀ ਬੈਂਸ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਹੁਣ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਣਾ ਸਪੱਸ਼ਟ ਕਰਦਾ ਹੈ ਕਿ ਬਾਦਲ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਬਹੁਤ ਵੱਡੇ ਗੁਨਾਹ ਕੀਤੇ ਹਨ। ਉਨ੍ਹਾਂ ਕਿਹਾ ਕਿ ਚਾਹੇ ਸਿੰਘ ਸਾਹਿਬਾਨ ਇਨ੍ਹਾਂ ਨੂੰ ਮੁਆਫ਼ ਕਰ ਦੇਣ ਪਰ ਸੰਗਤ ਕਦੇ ਮੁਆਫ਼ ਨਹੀਂ ਕਰੇਗੀ। ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਰੇਤ, ਟਰਾਂਸਪੋਰਟ, ਸ਼ਰਾਬ ਮਾਫ਼ੀਆ, ਗੁੰਡਾਗਰਦੀ ਆਦਿ ਸਭ ਕੁੱਝ ਨੂੰ ਬਰਦਾਸ਼ਤ ਕਰ ਸਕਦੇ ਹਨ, ਨਸ਼ਿਆਂ ਨਾਲ ਮਰੇ ਪੁੱਤਾਂ ਦੇ ਸਿਵਿਆਂ ਦੀ ਅੱਗ ਤਾਂ ਸੇਕ ਸਕਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ’ਤੇ ਇੱਕ ਮਹੀਨੇ ਵਿੱਚ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾਧੀ ਪਰ ਕੀਤਾ ਕੁੱਝ ਵੀ ਨਹੀਂ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸਿੱਖਾਂ ਦੀ ਬਹੁ-ਗਿਣਤੀ ਹੋਵੇ, ਅਖੌਤੀ ਪੰਥਕ ਸਰਕਾਰ ਹੋਵੇ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਦੋਸ਼ੀਆਂ ਵੱਲੋਂ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਚੈਲਿੰਜ ਕੀਤਾ ਜਾਵੇ, ਫਿਰ ਵੀ ਦੋਸ਼ੀ ਫੜੇ ਨਾ ਜਾਣ ਤਾਂ ਸਰਕਾਰ ਲਈ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਨਿਆਂ ਅਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਮਾਰਚ ਕੱਢਿਆ ਜਾ ਰਿਹਾ ਹੈ। ਸਿੱਖ ਚਿੰਤਕ ਗੁਰਦਰਸ਼ਨ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਫ਼ ਮਿਲਦੇ ਨਹੀਂ, ਇਨਸਾਫ਼ ਲਏ ਜਾਂਦੇ ਹਨ। ਪੰਜਾਬ ਦੇ ਗੰਭੀਰ ਮਸਲਿਆਂ ਦੇ ਹੱਲ ਲਈ ਲੋਕ ਸਭਾ ਵਿੱਚ ਧੱਕੜ ਨੁਮਾਇੰਦੇ ਚੁਣ ਕੇ ਭੇਜੇ ਜਾਣ ਨਾ ਕਿ ਹਰਿੰਦਰ ਸਿੰਘ ਖਾਲਸਾ ਅਤੇ ਪ੍ਰੋਫੈਸਰ ਸਾਧੂ ਸਿੰਘ ਵਰਗੇ ਜਿਹੜੇ ਲੋਕ ਸਭਾ ਵਿੱਚ ਮੂੰਹ ਹੀ ਨਹੀਂ ਖੋਲ੍ਹਦੇ। ਇਕੱਠ ਨੂੰ ਭਾਈ ਮੋਹਕਮ ਸਿੰਘ, ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ), ਲੱਖਾ ਸਿਧਾਣਾ, ਨਵਜੋਤ ਕੌਰ ਲੰਬੀ, ਬਲਵਿੰਦਰ ਸਿੰਘ ਬੀਹਲਾ ਐੱਨਆਰਆਈ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੰਵਰ ਸੰਧੂ ਨੇ ਨਿਭਾਈ। ਇਕੱਤਰਤਾ ਉਪਰੰਤ ਨਾਅਰਿਆਂ ਦੀ ਗੂੰਜ ਵਿਚ ਇਨਸਾਫ਼ ਮਾਰਚ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਇਆ।