ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਕਮਲ ਡਾਵਰ ਅਤੇ ਹੋਰ ਮਾਹਿਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਸਬੰਧ ਬਿਹਤਰ ਬਣਾਉਣ ਦੇ ਸੁਹਿਰਦ ਯਤਨ ਕੀਤੇ ਹਨ ਤੇ ਮੁੰਬਈ ਹਮਲਿਆਂ ਨੂੰ ਵੱਡੀ ਗ਼ਲਤੀ ਕਰਾਰ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸਾਬਕਾ ਜਨਰੈਲਾਂ ਤੇ ਮਾਹਿਰਾਂ ਦੀ ਸੁਰ ਦੇਸ਼ ਦੇ ਤਤਕਾਲੀ ਹੁਕਮਰਾਨਾਂ ਨਾਲੋਂ ਹਟ ਕੇ ਹੈ। ਇਸ ਲਈ ਇਸ ਸੁਰ ਦੀ ਦੇਸ਼ ਵਿਚ ਚਰਚਾ ਹੋਣੀ ਲਾਜ਼ਮੀ ਹੈ। ਅੱਜ ਇਥੇ ਫ਼ੌਜੀ ਸਾਹਿਤ ਮੇਲੇ ਦੇ ਦੂਜੇ ਦਿਨ ‘ਖੁਫ਼ੀਆ ਤੰਤਰ ਦੀ ਸੂਝ’ ਵਿਸ਼ੇ ’ਤੇ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਭਾਰਤੀ ਫ਼ੌਜ ਦੇ ਖ਼ੁਫੀਆ ਤੰਤਰ ਨਾਲ ਜੁੜੇ ਰਹੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾਵਰ ਨੇ ਕਿਹਾ ਕਿ ਇਮਰਾਨ ਨੇ ਅਜੇ ਤਕ ਕੁਝ ਵੀ ਗ਼ਲਤ ਨਹੀਂ ਕੀਤਾ ਤੇ ਇਸ ਲਈ ਉਸ ਨੂੰ ਮੌਕਾ ਮਿਲਣਾ ਚਾਹੀਦਾ ਹੈ। ‘ਰਾਅ’ ਦੇ ਸਾਬਕਾ ਮੁਖੀ ਤੇ ਕਸ਼ਮੀਰ ਮਾਮਲਿਆਂ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਮਰਜੀਤ ਸਿੰਘ ਦੁੱਲਤ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਸਬੰਧਾਂ ’ਚ ਬਿਹਤਰੀ ਲਈ ਪਹਿਲ ਕੀਤੀ ਹੈ ਤੇ ਇਸ ਕਰ ਕੇ ਉਨ੍ਹਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਭਾਵੇਂ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਤੇ ਫ਼ੌਜ ਹੀ ਉਥੋਂ ਦਾ ਸ਼ਾਸਨ ਚਲਾਉਦੀ ਹੈ ਤੇ ਪ੍ਰਧਾਨ ਮੰਤਰੀ ਫ਼ੌਜ ਦੇ ਹੱਥਾਂ ’ਚ ਕਠਪੁਤਲੀ ਹੁੰਦੇ ਹਨ ਪਰ ਫਿਰ ਵੀ ਇਮਰਾਨ ਖ਼ਾਨ ਨੇ ਠੀਕ ਦਿਸ਼ਾ ’ਚ ਕਦਮ ਲਏ ਹਨ ਤੇ ਕੁਝ ਵੀ ਗ਼ਲਤ ਨਹੀਂ ਕੀਤਾ ਤੇ ਉਸ ਦੀ ਭਰੋਸੇਯੋਗਤਾ ਵੀ ਹੈ ਤੇ ਇਸ ਲਈ ਉਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ।ਆਈ.ਪੀ.ਐਸ. ਅਧਿਕਾਰੀ ਕੇ. ਸੀ. ਵਰਮਾ, ਲੈਫਟੀਨੈਂਟ ਸੰਜੀਵ ਲਾਂਗਰ ਨੇ ਖੁਫ਼ੀਆ ਤੰਤਰ ਦੀ ਅਹਿਮੀਅਤ ਅਤੇ ਇਸ ਦੀ ਵਰਤੋਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਮਾਮਲੇ ਵਿਚ ਅਸਫ਼ਲਤਾ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਹੀ ਖੁਫ਼ੀਆ ਤੰਤਰ ਨੂੰ ਹੀ ਭੰਡਿਆ ਜਾਂਦਾ ਹੈ ਪਰ ਇਹ ਪੂਰੇ ਪ੍ਰਬੰਧ ਦੀ ਨਾਕਾਮੀ ਹੁੰਦੀ ਹੈ। ਉਨ੍ਹਾਂ ਸੁਨਾਮ ਦੇ ਖਾੜਕੂ ਕਰਮਜੀਤ ਸਿੰਘ ਦੀ ਕਹਾਣੀ ਸੁਣਾਈ ਜਿਸ ਬਾਰੇ ਖੁਫ਼ੀਆ ਤੰਤਰ ਤੋਂ ਇਲਾਵਾ ਪੁੂਰੀ ਦਿੱਲੀ ਦੀ ਪੁਲੀਸ ਨੂੰ ਜਾਣਕਾਰੀ ਸੀ ਪਰ ਫਿਰ ਵੀ ਉਸ ਦੇ ਛੁਪੇ ਹੋਣ ਬਾਰੇ ਪਤਾ ਨਹੀਂ ਲੱਗਾ ਸੀ ਤੇ ਉਸ ਨੇ ਰਾਜਘਾਟ ਵਿਚ ਇਕ ਉਚੇ ਰੁੱਖ ਤੋਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਦੇਸੀ ਪਿਸਤੌਲ ਨਾਲ ਗੋਲੀ ਚਲਾਈ ਸੀ ਜਿਸ ਦੀ ਰੇਂਜ ਕਾਫੀ ਘੱਟ ਸੀ ਤੇ ਇਸ ਕਰ ਕੇ ਬਚਾਅ ਹੋ ਗਿਆ। ਉਸ ਨੂੰ ਗੋਲੀ ਚਲਾਉਣ ਤੋਂ ਬਾਅਦ ਹੀ ਫੜਿਆ ਗਿਆ।
‘ਫੌਜ, ਮੀਡੀਆ ਤੇ ਰਾਜਨੀਤੀ’ ਬਾਰੇ ਵਿਚਾਰ ਚਰਚਾ ’ਚ ਮਾਹਿਰਾਂ ਨੇ ਲੋਕਾਂ ਅਤੇ ਹਥਿਆਰਬੰਦ ਫੌਜਾਂ ਵਿਚਾਲੇ ਸਿੱਧੇ ਸੰਪਰਕ ਨੂੰ ਯਕੀਨੀ ਬਣਾਉਣ ਲਈ ਰੱਖਿਆ ਮਾਮਲਿਆਂ ਵਿੱਚ ਹੋਰ ਖੁੱਲ੍ਹਾਪਣ ਲਿਆਉਣ ਦੀ ਵਕਾਲਤ ਕੀਤੀ ਹੈ ਤਾਂ ਜੋ ਕੌਮੀ ਸੁਰੱਖਿਆ ਦੇ ਵੱਡੇਰੇ ਹਿੱਤਾਂ ਦੇ ਮੱਦੇਨਜ਼ਰ ਲੋਕ ਰਾਏ ਨੂੰ ਲਾਮਬੰਦ ਕੀਤਾ ਜਾ ਸਕੇ। ਮਾਹਿਰਾਂ ਦੀ ਰਾਇ ਸੀ ਕਿ ਫੌ਼ਜ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਜੋ ਲਗਾਤਾਰ ਵੱਧ ਰਿਹਾ ਹੈ। ਇਹ ਵਿਚਾਰ ਉੱਘੇ ਪੱਤਰਕਾਰ ਵੀਰ ਸਾਂਘਵੀ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਨ ਐਸ ਬਰਾੜ, ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿਲ ਨੇ ਪੇਸ਼ ਕੀਤੇ ਤੇ ਚਰਚਾ ਵਿਚ ਇੰਗਲੈਂਡ ਅਧਾਰਿਤ ਬ੍ਰਿਗੇਡੀਅਰ ਜਸਟਿਨ ਮੈਕੇਜੇਵਸਕੀ, ਐਨ.ਡੀ.ਟੀ.ਵੀ. ਚੈਨਲ ਦੀ ਆਰਤੀ ਸਿੰਘ, ਬੌਲੀਵੁਡ ਅਦਾਕਾਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ ਨੇ ਹਿੱਸਾ ਲਿਆ।
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਦਾ ਮਨੋਬਲ ਵਧਾਉਣ ਲਈ ਮੀਡੀਆ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ । 26/11 ਮੁੰਬਈ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੇ ਪ੍ਰਸਾਰਨ ਨਾਲ ਹਮਲਾਵਰਾਂ ਦੇ ਹੱਥ ਕਾਫੀ ਜਾਣਕਾਰੀ ਹੱਥ ਲੱਗ ਗਈ ਤੇ ਅਜਿਹੇ ਨਾਜ਼ੁਕ ਮੁੱਦਿਆਂ ’ਤੇ ਰਿਪੋਰਟਿੰਗ ਕਰਦੇ ਸਮੇਂ ਸੰਜਮ ਵਰਤਣ ਦੀ ਲੋੜ ਹੈ।
World ਇਮਰਾਨ ਨੂੰ ਦੁਵੱਲੇ ਸਬੰਧ ਸੁਧਾਰਨ ਦਾ ਮੌਕਾ ਦੇਣ ਦੀ ਲੋੜ: ਜਨਰਲ ਡਾਵਰ