ਪ੍ਰਾਪਰਟੀ ਡੀਲਰਾਂ ਤੋਂ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ

ਲੁਧਿਆਣਾ ਪੁਲੀਸ ਨੇ ਪ੍ਰਾਪਰਟੀ ਡੀਲਰਾਂ ਨੂੰ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਨੌਜਵਾਨ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਏਡੀਸੀਪੀ (ਲੁਧਿਆਣਾ) ਰਤਨ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਭੱਟੀਆਂ ਕਾਲੋਨੀ ਥਾਣਾ ਸਲੇਮ ਟਾਬਰੀ ਵਾਸੀ ਰਜਿੰਦਰ ਕੁਮਾਰ ਉਰਫ ਪਿੰਕਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਸਾਊਥ ਸਿਟੀ ਵਾਸੀ ਹਰਦੀਪ ਸਿੰਘ ਨੂੰ ਫੋਨ ਕਰਕੇ ਫਿਰੌਤੀ ਮੰਗਣ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਲੁਧਿਆਣਾ ਸ਼ਹਿਰ ਦੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਫੋਨ ਕਰਕੇ ਆਪਣੇ-ਆਪ ਨੂੰ ਗੈਂਗਸਟਰ ਦੱਸਦਾ ਸੀ ਅਤੇ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕਰਦਾ ਸੀ। ਇਸ ਨੇ ਪਿਛਲੇ ਦਿਨੀਂ ਵੀ ਪ੍ਰਾਪਰਟੀ ਡੀਲਰ ਨੂੰ ਫੋਨ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੋਬਾਈਲ ਫੋਨ ਲੁਧਿਆਣਾ ਤੋਂ ਖਰੀਦਿਆ ਸੀ ਜਦਕਿ ਇਸ ਦਾ ਸਿਮ ਕਿਸੇ ਵਿਅਕਤੀ ਦੇ ਫੋਨ ਵਿੱਚੋਂ ਚੋਰੀ ਕੀਤਾ ਗਿਆ ਸੀ। ਇਸ ਫੋਨ ਰਾਹੀਂ ਇਹ ਪ੍ਰਾਪਰਟੀ ਡੀਲਰਾਂ ਨੂੰ ਧਮਕੀ ਭਰੇ ਫੋਨ ਕਰਕੇ ਫਿਰੌਤੀ ਦੀ ਮੰਗ ਕਰਦਾ ਸੀ। ਫੋਨ ਕਰਨ ਤੋਂ ਬਾਅਦ ਇਹ ਸਿਮ ਕਾਰਡ ਨਸ਼ਟ ਕਰ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਵੱਲੋਂ ਇਕ ਦਰਜਨ ਦੇ ਕਰੀਬ ਲੋਕਾਂ ਨੂੰ ਧਮਕੀ ਭਰੇ ਫੋਨ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਮੋਬਾਈਲ ਫੋਨ, ਦੋ ਸਪਾਈ ਕੈਮਰੇ, ਇੱਕ ਪੈਨ ਡਰਾਈਵ, ਦੋ ਕਾਰਡ ਰੀਡਰ, ਇੱਕ ਮਾਈਕ੍ਰੋਚਿਪ ਤੇ ਦਸ ਸੀਡੀਜ਼ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪਾਸੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।