ਪੈਰਿਸ ’ਚ ਪ੍ਰਦਰਸ਼ਨਾਂ ਤੋਂ ਪਹਿਲਾਂ 300 ਵਿਅਕਤੀ ਹਿਰਾਸਤ ਵਿੱਚ ਲਏ

ਪੈਰਿਸ ਪੁਲੀਸ ਨੇ ਤੇਲ ਕੀਮਤਾਂ ’ਚ ਉਛਾਲ ਤੇ ਮਹਿੰਗਾਈ ਨੂੰ ਲੈ ਕੇ ਸਰਕਾਰ ਖ਼ਿਲਾਫ਼ ਵਿੱਢੇ ਜਾਣ ਵਾਲੇ ਸੱਜਰੇ ਪ੍ਰਦਰਸ਼ਨਾਂ ਤੋਂ ਪਹਿਲਾਂ ਅੱਜ 300 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮੈਕਰੌਂ ਸਰਕਾਰ ਨੇ ਲਗਾਤਾਰ ਤੀਜੇ ਹਫ਼ਤੇ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਦੇ ਡਰੋਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਧਰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਇਮੈਨੂਏਲ ਮੈਕਰੌਂ ’ਤੇ ਰੱਜੇ ਪੁੱਜਿਆਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਲੋਕਾਂ ਦੀ ਖਰੀਦ ਤਾਕਤ ਵਧਾਉਣ ਦੇ ਨਾਲ ਅਮੀਰਾਂ ਨੂੰ ਵਧੇਰੇ ਟੈਕਸ ਲਾਏ ਜਾਣ। ਪੈਰਿਸ ਪੁਲੀਸ ਨੇ ਸਾਵਧਾਨੀ ਵਜੋਂ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ 278 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅੱਠ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮ ਵੱਖ ਵੱਖ ਮੈਟਰੋ ਸਟੇਸ਼ਨਾਂ ’ਤੇ ਤਾਇਨਾਤ ਕਰਕੇ ਆਉਣ ਜਾਣ ਵਾਲੇ ਲੋਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਕਾਰਵਾਈ ਨਾਲ ਜੁੜੇ ਇਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ 34 ਦੇ ਕਰੀਬ ਲੋਕਾਂ ਨੂੰ ਮਾਸਕ, ਹਥੌੜਿਆਂ, ਗੁਲੇਲਾਂ ਤੇ ਪੱਥਰਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਸ ਸਭ ਦੀ ਉਨ੍ਹਾਂ ’ਤੇ ਹਮਲੇ ਕਰਨ ਲਈ ਵਰਤੋਂ ਕੀਤੀ ਜਾਣੀ ਸੀ। ਉਧਰ ਹਿੰਸਾ ਦੇ ਡਰੋਂ ਦੁਕਾਨਾਂ, ਮਿਊਜ਼ੀਅਮ, ਦਿ ਆਈਫਲ ਟਾਵਰ ਤੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਕਈ ਥਾਈਂ ਤਜਵੀਜ਼ਤ ਫੁਟਬਾਲ ਮੈਚ ਤੇ ਸੰਗੀਤਕ ਪ੍ਰੋਗਰਾਮ ਵੀ ਰੱਦ ਕਰਨੇ ਪਏ। ਇਸ ਦੌਰਾਨ ਗ੍ਰਹਿ ਮੰਤਰੀ ਕ੍ਰਿਸਟੋਫ਼ ਕਾਸਟੈਨਰ ਨੇ ਕਿਹਾ ਕਿ ਪਿਛਲੇ ਹਫ਼ਤੇ ਅੱਠ ਹਜ਼ਾਰ ਪ੍ਰਦਰਸ਼ਨਕਾਰੀਆਂ ਦੇ ਮੁਕਾਬਲੇ ਇਸ ਵੀਕਐਂਡ ਵਿੱਚ ਕੁਝ ਹਜ਼ਾਰ ਲੋਕਾਂ ਦੇ ਹੀ ਸੜਕਾਂ ’ਤੇ ਉਤਰਨ ਦੀ ਉਮੀਦ ਹੈ, ਪਰ ਇਨ੍ਹਾਂ ਵਿੱਚ ਵੱਡੀ ਗਿਣਤੀ ਹਿੰਸਕ ਲੋਕਾਂ ਦੀ ਹੋਵੇਗੀ। ਉਧਰ ਪ੍ਰਧਾਨ ਮੰਤਰੀ ਐਡਵਰਡ ਫ਼ਿਲਿਪ ਨੇ ਲੰਘੇ ਦਿਨ ਪ੍ਰਦਰਸ਼ਨਕਾਰੀਆਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵੱਲੋਂ ਲੋਕਾਂ ਨੂੰ ਪ੍ਰਦਰਸ਼ਨਾਂ ’ਚ ਨਾ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।