ਤਿੰਨ ਰੋਜ਼ਾ ਫ਼ੌਜੀ ਸਾਹਿਤ ਮੇਲੇ ਦੇ ਉਦਘਾਟਨੀ ਦਿਨ ਅੱਜ ਫ਼ੌਜੀ ਮਾਹਿਰਾਂ ਨੇ ਕਿਹਾ ਕਿ ਸਰਜੀਕਲ ਸਟਰਾਈਕ ਸਮੇਂ ਦੀ ਲੋੜ ਸੀ ਪਰ ਇਸ ਦਾ ਰਾਜਨੀਤਕ ਲਾਹਾ ਲੈਣਾ ਦੇਸ਼ ਹਿੱਤ ਵਿਚ ਨਹੀਂ ਸੀ। ਸਰਜੀਕਲ ਸਟਰਾਈਕ ਨੂੰ ਜਨਤਕ ਨਹੀਂ ਸੀ ਕੀਤਾ ਜਾਣਾ ਚਾਹੀਦਾ ਸੀ। ਸ਼ਹਿਰ ਦੇ ਲੇਕ ਕਲੱਬ ਦੇ ਆਲੇ ਦੁਆਲੇ ਅੱਜ ਜ਼ਬਰਦਸਤ ਗਹਿਮਾ ਗਹਿਮੀ ਸੀ। ਕਿਤੇ ਪਹਿਲੇ ਵਿਸ਼ਵ ਯੁੱਧ ਬਾਰੇ ਵਿਚਾਰ ਚਰਚਾ ਹੋ ਰਹੀ ਸੀ ਤੇ ਕਿਤੇ ਫੌ਼ਜੀ ਜਵਾਨ ਤੇ ਹੋਰ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ। ਕਿਸੇ ਪਾਸੇ ਜਵਾਨਾਂ ਨੂੰ ਸਿਆਚਿਨ ਗਲੇਸ਼ੀਅਰ ਤੇ ਹੋਰ ਪਹਾੜੀਆਂ ਸਰ ਕਰਦੇ ਦਿਖਾਇਆ ਜਾ ਰਿਹਾ ਸੀ। ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਤਿੰਨ ਰੋਜ਼ਾ ਫੌ਼ਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਵਿਚ 74,000 ਭਾਰਤੀਆਂ ਨੂੰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ ਤੇ 67,000 ਤੋਂ ਵੱਧ ਜਵਾਨ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਦੇਸ਼ ਲਈ ਇਹ ਗੌਰਵ ਦੀ ਗੱਲ ਹੈ ਕਿ ਭਾਰਤੀ ਜਵਾਨਾਂ ਨੇ ਗਿਆਰਾਂ ਵਿਕਟੋਰੀਆ ਕਰਾਸ ਜਿੱਤ ਕੇ ਆਪਣਾ ਲੋਹਾ ਮੰਨਵਾਇਆ। ਉਨ੍ਹਾਂ ਕਿਹਾ ਕਿ ਸੁੰਦਰ ਸ਼ਹਿਰ ਚੰਡੀਗੜ੍ਹ ਦੀ ਜਿਸ ਧਰਤੀ ’ਤੇ ਮੇਲਾ ਮਨਾਇਆ ਜਾ ਰਿਹਾ ਹੈ, ਜਿੱਥੇ ਸੇਵਾ ਮੁਕਤ 90 ਲੈਫਟੀਨੈੱਟ ਜਨਰਲ ਅਤੇ 133 ਮੇਜਰ ਜਨਰਲ ਰਹਿ ਰਹੇ ਹਨ। ਉਨ੍ਹਾਂ ਨੇ ਫੌਜੀ ਸਾਹਿਤ ਮੇਲਾ ਸ਼ੁਰੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਲੈਫਟੀਨੈੱਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੇਲਾ ਨੌਜਵਾਨਾਂ ਨੂੰ ਫੌਜ ਵਿਚ ਕਰੀਅਰ ਬਣਾਉਣਾ ਲਈ ਉਤਸ਼ਾਹਤ ਕਰੇਗਾ। ਰੋਲ ਆਫ ਕਰਾਸ ਬਾਰਡਰ ਅਪਰੇਸ਼ਨ ਤੇ ਸਰਜੀਕਲ ਸਟਰਾਈਕ ਬਾਰੇ ਸਾਬਕਾ ਲੈਫਟੀਨੈੱਟ ਜਨਰਲ ਡੀ.ਐਸ. ਹੁੱਡਾ ਨੇ ਕਿਹਾ ਕਿ ਇਹ ਸਟਰਾਈਕ ਇਸ ਕਰ ਕੇ ਸੰਭਵ ਹੋ ਸਕੀ ਕਿਉਂਕਿ ਉਸ ਵੇਲੇ ਸਰਕਾਰ ਤੇ ਫ਼ੌਜ ਦੋਵੇਂ ਇਕਸੁਰ ਸਨ ਤੇ ਸਟਰਾਈਕ ਕਰਨਾ ਦੇਸ਼ ਹਿੱਤ ਵਿਚ ਸੀ। ਉਸ ਵੇਲੇ ਅਸਲ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਹੋਈਆਂ ਘਟਨਾਵਾਂ ਕਾਰਨ ਸਰਕਾਰ ਅਤੇ ਫੌਜ ’ਤੇ ਦਬਾਅ ਬਣਿਆ ਹੋਇਆ ਸੀ ਉਹ ਕੋਈ ਫੌਰੀ ਨਤੀਜਾਜਨਕ ਕਾਰਵਾਈ ਕਰਨ ਪਰ ਇਸ ਕਾਰਵਾਈ ਦਾ ਸਿਆਸੀ ਲਾਹਾ ਉਠਾਉਣਾ ਦੇਸ਼ ਹਿੱਤ ਵਿਚ ਨਹੀਂ ਸੀ। ਲੈਫਟੀਨੈੱਟ ਜਨਰਲ ਐਨ .ਐਸ. ਬਰਾੜ ਕਿਹਾ ਕਿ ਅਜਿਹੇ ਅਪਰੇਸ਼ਨਾਂ ਦਾ ਲੰਮੇ ਸਮੇਂ ਲਈ ਅਸਰ ਯਕੀਨੀ ਬਣਾਉਣਾ ਚਾਹੀਦਾ ਹੈ। ਕੁਝ ਹੋਰ ਮਾਹਿਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਹਿੰਦੀ ਕਵਿਤਾ ਦੇ ਸੈਸ਼ਨ ਵਿਚ ਟੀਵੀ ਹਸਤੀ ਮ੍ਰਿਣਾਲ ਪਾਂਡੇ ਨੇ ਵੀਰ ਰਸ ਕਵਿਤਾ ਦੀ ਅਹਿਮੀਅਤ ਤੇ ਪ੍ਰਭਾਵ ਬਾਰੇ ਜਾਣਕਾਰੀ ਦਿਤੀ। ਡਾ. ਗੁਰਮੀਤ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਪਹਿਲੀ ਸੰਸਾਰ ਜੰਗ ਸਮੇਂ ਪੰਜਾਬੀ ਕਾਵਿਤਾ, ਸਾਹਿਤ ਅਤੇ ਫੋਕਲੋਰ ਉੱਘੇ ਵਿਦਵਾਨਾਂ ਸੁਰਜੀਤ ਪਾਤਰ, ਸਵਰਾਜਬੀਰ, ਮਨਮੋਹਨ ਸਿੰਘ, ਜਸਬੀਰ ਸਿੰਘ, ਬੱਬੂ ਤੀਰ, ਬ੍ਰਿਗੇਡੀਅਰ ਕੇ.ਐਸ. ਕਾਹਲੋਂ ਨੇ ਕਿਹਾ ਕਿ ਉਸ ਵੇਲੇ ਦੇਸ਼ ਅੰਗਰੇਜ਼ੀ ਸਾਮਰਾਜ ਦਾ ਗੁਲਾਮ ਸੀ ਤੇ ਜੰਗ ਵਿਚ ਹਿੱਸੇ ਲੈਣ ਵਾਲੇ ਜਵਾਨਾਂ ਵਿਚ ਪ੍ਰੇਮ ਦਾ ਜਜ਼ਬਾ ਨਹੀਂ ਸੀ ਕਿਉਂਕਿ ਉਹ ਰੁਜ਼ਗਾਰ ਖਾਤਰ ਭਰਤੀ ਹੋਏ ਸਨ। ਉਸ ਵੇਲੇ ਦੇਸ਼ ਦੀ 60 ਫੀਸਦੀ ਕਿਸਾਨੀ ਕਰਜ਼ੇ ਦੇ ਬੋਝ ਹੇਠ ਦਬੀ ਹੋਈ ਸੀ ਤੇ ਨੌਜਵਾਨਾਂ ਨੂੰ ਫੌ਼ਜ ਵਿਚ ਭਰਤੀ ਹੋਣਾ ਪੈਂਦਾ ਸੀ। ਇਸ ਦੀ ਇਕ ਝਲਕ ‘ਬੂਟ ਸਣੇ ਲੱਤ ਮਾਰੇ ਵੱਸਣਾ ਫੌ਼ਜੀ ਦੇ’ ਤੋਂ ਵੀ ਮਿਲਦੀ ਹੈ। ਦੂਜੇ ਪਾਸੇ, ਗਦਰ ਲਹਿਰ ਦੇ ਸਾਹਿਤ ਦਾ ਵੀ ਫੌਜੀ ਜਵਾਨਾਂ ’ਤੇ ਕਾਫੀ ਅਸਰ ਪਿਆ ਸੀ ਕਿ ਉਹ ਕਿਸ ਦੀ ਖਾਤਰ ਚਾਕਰੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੜਨਾ ਚਾਹੀਦਾ ਹੈ। ਇਸ ਕਰ ਕੇ ਜਵਾਨ ਦੋਹਰੇ ਧਰਾਤਲ ’ਤੇ ਖੜੇ ਸਨ। ਵੱਡੀ ਗਿਣਤੀ ਵਿਚ ਜਵਾਨਾਂ ਦੇ ਫ਼ੌਜ ਵਿਚ ਭਰਤੀ ਹੋਣ ਕਰ ਕੇ ਔਰਤਾਂ ਨੂੰ ਹੋਰ ਖੇਤਰਾਂ ਵਿਚ ਕੰਮ ਕਰਨ ਲਈ ਘਰਾਂ ਤੋਂ ਬਾਹਰ ਨਿਕਲਣਾ ਪਿਆ। ਇਹ ਨਵੀਂ ਕਿਸਮ ਦਾ ਤਜਰਬਾ ਸੀ ਜਿਸ ਨੇ ਔਰਤਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਨ ਦਾ ਮੌਕਾ ਦਿੱਤਾ। ਵਿਦੇਸ਼ੀ ਧਰਤੀ ’ਤੇ ਜੰਗ ਲੜਨ ਕਰ ਕੇ ਫ਼ੌਜੀਆਂ ਨੂੰ ਨਵੀਂ ਕਿਸਮ ਦਾ ਤਜਰਬਾ ਹਾਸਲ ਹੋਇਆ ਤੇ ਉਹ ਦੇਸ਼ ਵਾਪਸ ਆ ਕੇ ਉਸੇ ਤਰ੍ਹਾਂ ਸਮਾਜ ਬਣਾਉਣ ਲਈ ਯਤਨ ਕਰਨ ਲੱਗੇ। ਉਸ ਸਮੇਂ ਫੌਜੀਆਂ ਵਲੋਂ ਆਪਣੇ ਪਰਿਵਾਰਾਂ ਨੂੰ ਲਿਖੀਆਂ ਚਿੱਠੀਆਂ ਸਾਹਿਤ ਦਾ ਚੰਗਾ ਨਮੂਨਾ ਹਨ ਜਿਸ ਬਾਰੇ ਕੰਮ ਕਰਨ ਦੀ ਲੋੜ ਹੈ। ਇਸੇ ਦੌਰਾਨ, ਮੇਲੇ ਦੇ ਪਹਿਲੇ ਦਿਨ ਦੂਰ-ਦਰਾਡੇ ਦੇ ਵਿਦਿਆਰਥੀਆਂ ਨਾਲ ਫ਼ੌਜ ਦੇ ਸੀਨੀਅਰ ਅਤੇ ਅਨੁਭਵੀ ਅਧਿਕਾਰੀਆਂ ਨੇ ਯੁੱਧ ਦੇ ਬਹਾਦਰੀ ਅਤੇ ਨਿਡਰਤਾ ਦੇ ਕਿੱਸੇ ਸਾਂਝੇ ਕੀਤੇ ਜਿਸ ਨੇ ਉਨ੍ਹਾਂ ਦਾ ਮਨ ਮੋਹ ਲਿਆ। ਇੱਥੇ ਕਲੈਰੀਅਨ ਥੀਏਟਰ ਵਿਚ ਇਕੱਠ ਮੁੱਖ ਤੌਰ ’ਤੇ ਨੌਜਵਾਨਾਂ ਨਾਲ ਫੌਜੀ ਅਧਿਕਾਰੀਆਂ ਵੱਲੋਂ ਆਡੀਓ-ਵਿਜ਼ੂਅਲ ਜ਼ਰੀਏ ਆਪਣੇ ਫੌਜੀ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ ਗਏ। ਸਾਰਾਗੜ੍ਹੀ ਸੰਵਾਦ ਦੌਰਾਨ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ, ਪਰਮ ਵੀਰ ਚੱਕਰ, ਕਰਨਲ ਐਚ.ਐਸ. ਕਾਹਲੋਂ ਵੀਰ ਚੱਕਰ, ਕਰਨਲ ਬਲਵਾਨ ਸਿੰਘ, ਐਮਵੀਸੀ, ਕਰਨਲ ਜੀ.ਐਸ. ਬਾਜਵਾ ਅਤੇ ਹਥਿਆਰਬੰਦ ਫੌਜਾਂ ਦੇ ਹੋੋਰ ਸੀਨੀਅਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀ ਅਮਰਪਾਲ ਸਿੰਘ ਨੇ ਕਿਹਾ ਕਿ ਉਹ ਜਵਾਨਾਂ ਦੇ ਅਸਲ ਜੀਵਨ ਬਾਰੇ ਜਾਣ ਕੇ ਹੈਰਾਨ ਰਹਿ ਗਿਆ। ਉਸ ਨੇ ਕਿਹਾ ਕਿ ਪਰਮ ਵੀਰ ਚੱਕਰ ਪੁਰਸਕਾਰ ਜੇਤੂ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ ਨਾਲ ਗੱਲਬਾਤ ਦੌਰਾਨ ਉਸ ਨੂੰ ਭਾਰਤੀ ਫ਼ੌਜ ਖਾਸ ਤੌਰ ’ਤੇ ਕਾਰਗਿਲ ਜੰਗ ਬਾਰੇ ਬਹੁਤ ਸਾਰੀਆਂ ਰੌਚਕ ਗੱਲਾਂ ਬਾਰੇ ਪਤਾ ਲੱਗਾ। ਉਹ ਇਸ ਗੱਲ ਤੋਂ ਬੇਹੱਦ ਪ੍ਰਭਾਵਿਤ ਸੀ ਕਿ ਕਾਰਗਿਲ ਜੰਗ ਦੌਰਾਨ 17 ਗੋਲੀਆਂ ਲੱਗਣ ਦੇ ਬਾਅਦ ਵੀ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ ਹਾਲੇ ਵੀ ਐਨੇ ਚੁਸਤ-ਦਰੁਸਤ ਹਨ।
INDIA ਸਰਜੀਕਲ ਸਟਰਾਈਕ ’ਤੇ ਸਿਆਸਤ ਘਾਤਕ ਕਰਾਰ