ਮਾਲਵਿੰਦਰ ਅਤੇ ਸ਼ਿਵਇੰਦਰ ਹੋਏ ਹੱਥੋਪਾਈ

ਫੋਰਟਿਸ ਅਤੇ ਰਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਹੁਣ ਗੁੱਥਮ-ਗੁੱਥਾ ਹੋ ਗਏ ਹਨ। ਲੜਾਈ ਜਗਜ਼ਾਹਿਰ ਹੋਣ ਮਗਰੋਂ ਛੋਟੇ ਭਰਾ ਸ਼ਿਵਇੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁੱਟਮਾਰ ਦੀ ਤਾਜ਼ਾ ਘਟਨਾ ਨਾਲ ਉਸ ਦੇ ਵੱਡੇ ਭਰਾ ਮਾਲਵਿੰਦਰ ਸਿੰਘ ਨਾਲ ਇਕੱਠਿਆਂ ਕੰਮ ਕਰਨ ਦੇ ਸਾਰੇ ਸੰਭਾਵੀ ਰਸਤੇ ਬੰਦ ਹੋ ਗਏ ਹਨ। ਮਾਲਵਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਪਾਏ ਵੀਡੀਓ ’ਚ ਦਾਅਵਾ ਕੀਤਾ ਹੈ ਕਿ ਉਸ ਨੂੰ ਸ਼ਿਵਇੰਦਰ ਨੇ ਕੁੱਟਿਆ ਹੈ। ਮਾਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਸ਼ਿਵਇੰਦਰ ਗਰੁੱਪ ਕੰਪਨੀ ਪ੍ਰਿਅਸ ਰੀਅਲ ਅਸਟੇਟ ਦੀ ਬੋਰਡ ਮੀਟਿੰਗ ’ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੇ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੰਪਨੀਆਂ ਨੂੰ ਕਰੀਬ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਸ਼ਿਵਇੰਦਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਇਮਾਨਦਾਰੀ ’ਤੇ ਉਂਗਲ ਉਠਾਈ ਗਈ ਹੈ। ਸ਼ਿਵਇੰਦਰ ਸਿੰਘ ਨੇ ਕਿਹਾ ਕਿ ਬੈਠਕ ’ਚ ਪਹੁੰਚਣ ’ਤੇ ਮਾਲਵਿੰਦਰ ਲੋਹ-ਲਾਖਾ ਹੋ ਗਿਆ ਅਤੇ ਉਸ ਨੇ ਗਲਾ ਫੜ ਕੇ ਦੀਵਾਰ ਵੱਲ ਧੱਕ ਦਿੱਤਾ ਅਤੇ ਬਚਾਅ ’ਚ ਉਸ (ਸ਼ਿਵਇੰਦਰ) ਨੇ ਵੀ ਧੱਕਾ ਮਾਰਿਆ। ਸ਼ਿਵਇੰਦਰ ਨੇ ਕਿਹਾ ਕਿ ਵੱਡੇ ਭਰਾ ਨੇ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਹੈ ਜੋ ਪਰਿਵਾਰ ਦੇ ਦਖ਼ਲ ਕਾਰਨ ਵਾਪਸ ਲੈ ਲਈ ਗਈ। ਜਦੋਂ ਮਾਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।