ਮੰਗਾਂ ਮੰਨਣ ਦੇ ਐਲਾਨ ਕਰਨ ਮਗਰੋਂ ਖ਼ਤਮ ਕਰਾਂਗੇ ਮੋਰਚਾ: ਦਾਦੂਵਾਲ

ਪੰਜਾਬ ਸਰਕਾਰ ਵੱਲੋਂ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਪਟਿਆਲਾ ਜ਼ਿਲ੍ਹੇ ਦੇ ਘੱਗਾ ਥਾਣੇ ਦੇ ਅਤਾਲਾ ਪਿੰਡ ਦੇ ਟਾਡਾ ਕੈਦੀ ਦਿਲਬਾਗ ਸਿੰਘ ਨੂੰ ਅੱਜ ਛੱਡਣ ਦੇ ਫੈਸਲੇ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਬਾਅਦ ਬਰਗਾੜੀ ਇਨਸਾਫ ਮੋਰਚੇ ਦੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਕੈਪਟਨ ਸਰਕਾਰ ਮੋਰਚੇ ਦੀਆਂ ਤਿੰਨੇ ਮੰਗਾਂ ਮੰਨਣ ਦਾ ਐਲਾਨ ਐਤਵਾਰ ਨੂੰ ਕਰ ਦੇਵੇਗੀ ਤਾਂ ਉਹ ਮੋਰਚਾ ਖ਼ਤਮ ਕਰ ਦੇਣਗੇ। ਕਿਸੇ ਮੰਤਰੀ ਨੂੰ ਬਰਗਾੜੀ ਭੇਜਿਆ ਜਾਵੇਗਾ, ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਤੇ ਭਲਕੇ ਫੈਸਲਾ ਕੀਤੇ ਜਾਣ ਦੀ ਆਸ ਹੈ। ਇਨਸਾਫ਼ ਮੋਰਚੇ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਮੰਤਰੀ ਤੇ ਮੁੱਖ ਮੰਤਰੀ ਦੇ ਕਰੀਬੀ ਸਾਥੀ ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਕਸੂਰਵਾਰਾਂ ਸਜ਼ਾਵਾਂ ਦੇਣ ਅਤੇ ਜੇਲ੍ਹਾ ਵਿੱਚ ਸ਼ਜਾ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਬਿਹਾਅ ਕਰਨ ਦਾ ਭਰੋਸਾ ਦੇਣਗੇ ਤਾਂ ਉਹ ਮੋਰਚਾ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮੋਰਚੇ ਦੀ ਗੱਲਬਾਤ ਸੁਣ ਰਹੀ ਹੈ ਤੇ ਮੋਰਚਾ ਚਲਾ ਰਹੇ ਆਗੂਆਂ ਨੇ ਇਸ ਬਾਰੇ ਵਿਚਾਰ ਵਟਾਦਰਾਂ ਵੀ ਕੀਤਾ ਹੈ ਤੇ ਉਸ ਤੋਂ ਬਾਅਦ ਇਸ ਗੱਲ ’ਤੇ ਸਹਿਮਤੀ ਬਣੀ ਹੈ ਤੇ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਦਾ ਐਲਾਨ ਕਰਦੀ ਹੈ ਤਾਂ ਉਹ ਮੋਰਚਾ ਚੁੱਕ ਲੈਣਗੇ ਤੇ ਅਜਿਹਾ ਨਹੀਂ ਹੁੰਦਾ ਤਾਂ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਹੀ ਪਟਿਆਲਾ ਦੇ ਇੱਕ ਸਿੱਖ ਕੈਦੀ, ਜਿਸ ਨੇ ਆਪਣੀ ਸਜ਼ਾ ਭੁਗਤ ਲਈ ਹੈ, ਉਸ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਇਸ ਤੋਂ ਜਾਪਦਾ ਹੈ ਕਿ ਸਰਕਾਰ ਹੋਰ ਕੈਦੀਆਂ ਨੂੰ ਰਿਹਾਅ ਕਰ ਦੇਵੇਗੀ ਤੇ ਬਾਕੀ ਮੰਗਾਂ ਵੀ ਮੰਨ ਲਵੇਗੀ। ਇਸ ਨਾਲ ਮੋਰਚਾ ਖ਼ਤਮ ਹੋ ਜਾਵੇਗਾ। ਨਵੀਂ ਪਾਰਟੀ ਬਣਾਉਣ ਬਾਰੇ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਇਸ ਬਾਰੇ ਸਾਰੀਆਂ ਧਿਰਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਕੋਈ ਕਦਮ ਚੁੱਕਿਆ ਜਾਵੇਗਾ।