ਜੋਜੋ ਨੇ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ

‘ਗੁੰਡਾ ਟੈਕਸ’ ਵਿਚ ਨਾਮ ਘੜੀਸਣ ਦਾ ਮਾਮਲਾ;
10 ਕਰੋੜ ਦੇ ਮੁਆਵਜ਼ੇ ਲਈ ਵੱਖਰੀ ਅਰਜ਼ੀ ਦੇਣਗੇ

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਅਤੇ ਹੋਰਾਂ ਖ਼ਿਲਾਫ਼ ਕਾਨੂੰਨੀ ਲੜਾਈ ਵਿੱਢ ਦਿੱਤੀ ਹੈ। ਉਨ੍ਹਾਂ ਸੀਨੀਅਰ ਅਕਾਲੀ ਲੀਡਰਾਂ ਖ਼ਿਲਾਫ਼ ਬਠਿੰਡਾ ਦੀ ਅਦਾਲਤ ’ਚ ਫ਼ੌਜਦਾਰੀ ਸ਼ਿਕਾਇਤ ਦਾਇਰ ਕੀਤੀ। ਅਕਾਲੀ ਨੇਤਾਵਾਂ ਵੱਲੋਂ ਰਿਫ਼ਾਇਨਰੀ ਦੇ ‘ਗੁੰਡਾ ਟੈਕਸ’ ਮਾਮਲੇ ’ਚ ਉਨ੍ਹਾਂ ਦਾ ਨਾਮ ਉਛਾਲੇ ਜਾਣ ਤੋਂ ਉਹ ਖ਼ਫ਼ਾ ਸਨ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ਵੱਲੋਂ 25 ਜਨਵਰੀ ਨੂੰ ਅਗਲੀ ਸੁਣਵਾਈ ਕੀਤੀ ਜਾਵੇਗੀ। ਮਨਪ੍ਰੀਤ ਬਾਦਲ ਤਰਫ਼ੋਂ ਹਰੀ ਝੰਡੀ ਮਿਲਣ ਮਗਰੋਂ ਹੀ ਜੈਜੀਤ ਜੌਹਲ, ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਨਿੱਤਰੇ ਹਨ। ਇਸ ਤੋਂ ਪਹਿਲਾਂ ਸ਼ਰੀਕਾਂ ਵਿਚ ਸਿਆਸੀ ਜੰਗ ਚੱਲ ਰਹੀ ਸੀ ਜਦੋਂ ਕਿ ਹੁਣ ਕਾਨੂੰਨੀ ਲੜਾਈ ਵੀ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਜੈਜੀਤ ਜੌਹਲ ਅੱਜ ਕਾਂਗਰਸੀ ਨੇਤਾਵਾਂ ਨਾਲ ਆਏ ਅਤੇ ਉਨ੍ਹਾਂ ਦੇ ਐਡਵੋਕੇਟ ਸੰਦੀਪ ਬਾਘਲਾ ਨੇ ਇਸਤਗਾਸਾ ਦਾਇਰ ਕੀਤਾ। ਫ਼ੌਜਦਾਰੀ ਸ਼ਿਕਾਇਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਪੰਜਾਬੀ ਨਿਊਜ਼ ਚੈਨਲ ਦੇ ਪ੍ਰਬੰਧਕ ਖ਼ਿਲਾਫ਼ ਦਾਇਰ ਕੀਤੀ ਗਈ ਹੈ। ਜੈਜੀਤ ਜੌਹਲ ਨੇ ਆਖਿਆ ਕਿ ਉਹ ਮਾਣਹਾਨੀ ਦੇ ਮਾਮਲੇ ਵਿਚ 10 ਕਰੋੜ ਦੇ ਮੁਆਵਜ਼ੇ ਲਈ ਵੱਖਰਾ ਕੇਸ ਦਾਇਰ ਕਰ ਰਹੇ ਹਨ। ਜੋਜੋ ਨੇ ਆਖਿਆ ਕਿ ਕੇਸ ਵਾਸਤੇ ਕਾਗ਼ਜ਼ਾਤ ਤਿਆਰ ਕਰਨ ਅਤੇ ਕੁਝ ਅਰਸਾ ਬਾਹਰ ਰਹਿਣ ਕਰਕੇ ਉਨ੍ਹਾਂ ਨੂੰ ਕੇਸ ਦਾਇਰ ਕਰਨ ਵਿਚ ਦੇਰੀ ਹੋ ਗਈ। ਉਨ੍ਹਾਂ ਆਖਿਆ ਕਿ ਉਹ ਬਾਦਲਾਂ ਨਾਲ ਸਮਝੌਤਾ ਕਰਨ ਨਾਲੋਂ ਪਿੰਡ ’ਚ ਖੇਤੀ ਕਰਨ ਨੂੰ ਤਰਜੀਹ ਦੇਣਗੇ। ਅੱਜ ਜੈਜੀਤ ਨਾਲ ਸੀਨੀਅਰ ਕਾਂਗਰਸੀ ਆਗੂ ਕੇ ਕੇ ਅਗਰਵਾਲ, ਐਡਵੋਕੇਟ ਰਾਜਨ ਗਰਗ, ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਪਵਨ ਮਾਨੀ, ਚਮਕੌਰ ਮਾਨ ਆਦਿ ਵੀ ਹਾਜ਼ਰ ਸਨ। ਜੌਹਲ ਦੇ ਵਕੀਲ ਐਡਵੋਕੇਟ ਸੰਦੀਪ ਬਾਘਲਾ ਨੇ ਦੱਸਿਆ ਕਿ ਉਨ੍ਹਾਂ ਨੇ ਦਾਇਰ ਇਸਤਗਾਸੇ ਵਿਚ ਕੈਦ ਦੀ ਸਜ਼ਾ ਮੰਗੀ ਹੈ। ਉਨ੍ਹਾਂ ਦੱਸਿਆ ਕਿ 10 ਕਰੋੜ ਰੁਪਏ ਦੇ ਮੁਆਵਜ਼ੇ ਲਈ ਉਹ ਸ਼ੁੱਕਰਵਾਰ ਨੂੰ ਵੱਖਰੀ ਸਿਵਲ ਰਿੱਟ ਦਾਇਰ ਕਰਨਗੇ।