ਸਿੱਧੂ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਉਤਰੇ ‘ਸਾਡਾ ਕੈਪਟਨ’ ਦੇ ਪੋਸਟਰ

ਸਨਅਤੀ ਸ਼ਹਿਰ ਦੇ ਕਾਂਗਰਸੀਆਂ ਵੱਲੋਂ ਸ਼ਹਿਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਨਾਜਾਇਜ਼ ਤੌਰ ’ਤੇ ਯੂਨੀਪੋਲਾਂ ’ਤੇ ਲਗਵਾਏ ਗਏ ‘ਪੰਜਾਬ ਦਾ ਕੈਪਟਨ ਹੀ ਸਾਡਾ ਕੈਪਟਨ’ ਪੋਸਟਰਾਂ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਅੱਜ ਦੇਰ ਸ਼ਾਮ ਤੱਕ ਉਤਾਰ ਦਿੱਤਾ। ਸ਼ਹਿਰ ਦੇ 50 ਤੋਂ ਵੱਧ ਯੂਨੀਪੋਲਾਂ ’ਤੇ ਕਾਂਗਰਸੀਆਂ ਨੇ ਇਹ ਪੋਸਟਰ ਲਗਵਾਏ ਸਨ। ਖਾਸ ਗੱਲ ਇਹ ਵੀ ਹੈ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਕਾਂਗਰਸੀਆਂ ਨੇ ਇਹ ਪੋਸਟਰ ਲਗਵਾਏ ਸਨ, ਹੁਣ ਸਿੱਧੂ ਆਪਣੇ ਚੋਣ ਪ੍ਰਚਾਰ ਨੂੰ ਖਤਮ ਕਰ ਕੇ ਸੂਬੇ ਵਿੱਚ ਪਰਤ ਰਹੇ ਹਨ, ਅਜਿਹੇ ਵਿੱਚ ਲੁਧਿਆਣਾ ਦੇ ਕਾਂਗਰਸੀਆਂ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਅੰਦਰਖਾਤੇ ਪੋਸਟਰ ਉਤਾਰਨ ਦੇ ਹੁਕਮ ਦੇ ਦਿੱਤੇ। ਦੱਸ ਦਈਏ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਕਥਿਤ ਗਲਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਸੂਬੇ ਦੇ ਕਾਂਗਰਸੀ ਆਗੂਆਂ ਨੇ ਸੂਬੇ ਵਿੱਚ ਕੈਪਟਨ ਦੇ ਹੱਕ ਵਿੱਚ ਮੁਹਿੰਮ ਛੇੜ ਦਿੱਤੀ ਸੀ। ਇਸੇ ਤਹਿਤ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੈ ਤਲਵਾੜ ਤੇ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’ ਦੇ ਪੋਸਟਰ ਲਗਵਾਏ ਗਏ ਸਨ। ਚਰਚਾ ਸੀ ਕਿ ਇਸ਼ਤਿਹਾਰ ਮਾਫ਼ੀਆ ਵੱਲੋਂ ਇੱਕ ਵੱਡੇ ਕਾਂਗਰਸੀ ਆਗੂ ਦੇ ਕਹਿਣ ’ਤੇ 50 ਤੋਂ ਵੱਧ ਨਗਰ ਨਿਗਮ ਦੇ ਯੂਨੀਪੋਲਾਂ ’ਤੇ ਇਹ ਪੋਸਟਰ ਲਗਵਾਏ ਗਏ ਸਨ। ਪਿਛਲੇ ਸ਼ਨਿੱਚਰਵਾਰ ਰਾਤ ਨੂੰ ਨਗਰ ਨਿਗਮ ਦੇ ਸਾਰੇ ਯੂਨੀਪੋਲ ਇਨ੍ਹਾਂ ਪੋਸਟਰਾਂ ਨਾਲ ਭਰ ਦਿੱਤੇ ਗਏ ਸਨ। ਇਸ ਨੂੰ ਲੈ ਕੇ ਵਿਰੋਧੀ ਸਿਆਸੀ ਪਾਰਟੀਆਂ ਨੇ ਵਿਰੋਧ ਵੀ ਕੀਤਾ ਸੀ। ਨਗਰ ਨਿਗਮ ਦੇ ਯੂਨੀਪੋਲਾਂ ’ਤੇ ਨਾਜਾਇਜ਼ ਤਰੀਕੇ ਨਾਲ ਪੋਸਟਰ ਲਗਾਏ ਸਨ। ਇਸ ਮਾਮਲੇ ਦੇ ਚਰਚੇ ਹੋਣ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀ ਇਨ੍ਹਾਂ ਪੋਸਟਰਾਂ ’ਤੇ ਲੱਗੀ ਵੱਡੇ ਕਾਂਗਰਸੀ ਲੀਡਰਾਂ ਦੀ ਫੋਟੋਆਂ ਕਾਰਨ ਇਨ੍ਹਾਂ ਨੂੰ ਉਤਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ। ਪਰ ਵੀਰਵਾਰ ਸ਼ਾਮ ਨੂੰ ਅਚਾਨਕ ਨਗਰ ਨਿਗਮ ਦੇ ਚਾਰਾਂ ਜ਼ੋਨਾਂ ਦੇ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੇ ਹੁਕਮ ਦਿੱਤੇ ਕਿ ਜਲਦ ਤੋਂ ਜਲਦ ਸਾਰੇ ਪੋਸਟਰ ਉਤਾਰੇ ਜਾਣ ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਇਨ੍ਹਾਂ ਪੋਸਟਰਾਂ ਨੂੰ ਉਤਾਰਨ ਦੀ ਮੁਹਿੰਮ ਚੱਲੀ। ਨਗਰ ਨਿਗਮ ਦੀਆਂ ਚਾਰ ਟੀਮਾਂ ਨੇ ਸ਼ਹਿਰ ਦੇ ਯੂਨੀਪੋਲਾਂ ’ਤੇ ਲਗੇ ਸਾਡਾ ਕੈਪਟਨ ਪੋਸਟਰਾਂ ਨੂੰ ਉਤਾਰ ਦਿੱਤਾ। ਇਸ ਸਬੰਧੀ ਸੁਪਰਡੈਂਟ ਮਨੋਜ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਯੂਨੀਪੋਲਾਂ ’ਤੇ ਲੱਗੇ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ ਹੈ।