ਕੌਂਸਲ ਮੀਟਿੰਗ: ਮੇਹਣੋ-ਮਿਹਣੀ ਹੋਏ ਕੌਂਸਲਰ, ਰੌਲੇ ਰੱਪੇ ਵਿਚ ਹੀ ਮਤੇ ਪਾਸ

ਨਗਰ ਕੌਂਸਲ ਪ੍ਰਧਾਨ ਚਰਨਜੀਤ ਕੌਰ ਕਲਿਆਣ ਅਤੇ ਕਾਰਜਸਾਧਕ ਅਫਸਰ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹਾਜ਼ਰ ਕੌਂਸਲਰਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਵਾਰਡਾਂ ਦੇ ਵਿਕਾਸ ਸਬੰਧੀ ਹੰਗਾਮਾ ਕੀਤਾ। ਨਗਰ ਕੌਂਸਲ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਾਰਜਸਾਧਕ ਅਫਸਰ ਨੇ ਸੇਵਾਮੁਕਤੀ ਨੂੰ ਢੁਕੇ ਦੋ ਕਰਮਚਾਰੀਆਂ ਦੇ ਸੇਵਾਕਾਲ ਵਿਚ ਵਾਧੇ ਸਬੰਧੀ ਪ੍ਰਸਤਾਵ ਰੱਖਿਆ। ਉਪਰੰਤ ਹੋਰ ਮਤਿਆਂ ਦੀ ਪ੍ਰਵਾਨਗੀ ਦਾ ਦੌਰ ਸ਼ੁਰੂ ਹੋਇਆ। ਇਸ ਦੌਰਾਨ ਕੌਂਸਲ ਦੇ ਦਫਤਰੀ ਕੰਮਕਾਜ ਲਈ ਕੰਪਿਊਟਰ, ਪ੍ਰਿੰਟਰ ਦੀ ਖਰੀਦ, ਉਰਦੂ ਬੋਲੀ ਦਾ ਜਾਣਕਾਰ ਮੁਲਾਜ਼ਮ ਰੱਖਣ, ਸਵੱਛ ਸਰਵੇਖਣ ਦੇ ਸਟਾਰ ਰੈਂਕਿੰਗ ’ਚ ਸ਼ਾਮਲ ਹੋਣ, ਐੱਸ.ਟੀ.ਪੀ. ਦਾ ਪਾਣੀ ਉਸਾਰੀ ਸਮੇਂ ਵਰਤੋ ਵਿਚ ਲਿਆਉਣ, ਸੌਲਿਡ ਵੇਸਟ ਮੈਨੇਜਮੈਂਟ ਨਿਯਮ 2016 ਕੇਂਦਰ ਸਰਕਾਰ ਨੂੰ ਲਾਗੂ ਕਰਨ ਆਦਿ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼ਹਿਰ ’ਚ ਘੁੰਮਦੇ ਅਵਾਰਾ ਪਸ਼ੂਆਂ ਨੂੰ ਜਦੋਂ ਬੀਤੇ ਦਿਨੀਂ ਗਊਸ਼ਾਲਾਵਾਂ ਨਾਲ ਹੋਏ ਸਮਝੌਤੇ ਮੁਤਾਬਿਕ ਸੰਭਾਲਣ ਦਾ ਮੁੱਦਾ ਰੱਖਿਆ ਤਾਂ ਕੌਂਸਲਰ ਰਾਣਾ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਅਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਗਊਸ਼ਾਲਾ ਵਿਚ ਛੱਡਣ ਤੋਂ ਪਹਿਲਾਂ ਗਊਆਂ ਦੀ ਸ਼ਨਾਖਤ ਹਿੱਤ ਪੰਚਿਗ ਹੋਣੀ ਚਾਹੀਦੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਸੰਭਾਲਣ ਦੀ ਬਜਾਏ ਕਈ ਵਾਰ ਗਊਸ਼ਾਲਾ ਵਾਲੇ ਵੀ ਛੱਡ ਦਿੰਦੇ ਹਨ। ਇਸ ਲਈ ਪਹਿਲਾਂ ਲਾਵਾਰਸ ਤੇ ਗਊਸ਼ਾਲਾ ਵਾਲੇ ਪਸ਼ੂਆਂ ਦੇ ਨਿਸ਼ਾਨੀਆਂ ਲਗਾਈਆਂ ਜਾਣ ਤੇ ਫਿਰ ਉਗਰਾਹੇ ਜਾ ਰਹੇ ਗਊ ਸੈੱਸ ’ਚੋਂ ਸੰਭਾਲ ਲਈ ਪੈਸੇ ਦਿੱਤੇ ਜਾਣ। ਇਸ ਤੋਂ ਇਲਾਵਾ ਸ਼ਹਿਰ ’ਚ ਖੇਡ ਸਟੇਡੀਅਮ ਸਥਾਪਿਤ ਕਰਨ ਲਈ ਜਗ੍ਹਾ ਨਿਰਧਾਰਿਤ ਕਰਨ ਬਾਰੇ ਚਰਚਾ ਹੋਈ। ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਬਾਰੇ ਕੌਂਸਲਰ ਦਵਿੰਦਰ ਸਿੱਧੂ ਨੇ ਮੰਗ ਕੀਤੀ ਕਿ ਇਨ੍ਹਾਂ ਦਾ ਵੀ ਲਾਵਾਰਸ ਪਸ਼ੂਆਂ ਵਾਂਗ ਕੋਈ ਢੁਕਵਾਂ ਹੱਲ ਕੱਢਿਆ ਜਾਵੇ। ਸਥਿਤੀ ਉਦੋਂ ਤਣਾਅਪੂਰਵਕ ਹੋ ਗਈ ਜਦੋਂ ਮੰਡੀਆਂ ਨੂੰ ਵੱਧ ਟੈਕਸ ਦੇਣ ਦੇ ਬਾਵਜੂਦ ਮਿਲਦੀਆਂ ਨਾਮਾਤਰ ਸਹੂਲਤਾਂ ਦਾ ਮੁੱਦਾ ਕੌਂਸਲਰ ਕਰਮਜੀਤ ਕੈਂਥ ਨੇ ਉਛਾਲਿਆ। ਇਸ ਦਾ ਕਾਂਗਰਸੀ ਕੌਂਸਲਰ ਸੁਖਦੇਵ ਸਿੰਘ ਸੇਬੀ ਨੇ ਵਿਰੋਧ ਸ਼ੁਰੂ ਕਰ ਦਿੱਤਾ। ਕੌਂਸਲਰ ਸੇਬੀ ਨੇ ਆਪਣੀ ਹੀ ਪਾਰਟੀ ਦਾ ਵਿਰੋਧ ਕਰਦਿਆਂ ਆਖ ਦਿੱਤਾ, ‘‘ਸਾਨੂੰ ਤਾਂ ਇਹ ਹੀ ਨਹੀਂ ਪਤਾ ਕਿ ਕੌਂਸਲ ਦਾ ਪ੍ਰਧਾਨ ਕੌਣ ਹੈ’’। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਦੀ ਮੀਟਿੰਗ ’ਚ ਚਰਨਜੀਤ ਕੌਰ ਪ੍ਰਧਾਨ ਹੁੰਦੇ ਹਨ ਅਤੇ ਬਾਹਰ ਕਿਸੇ ਹੋਰ ਦੀਆਂ ਹਦਾਇਤਾਂ ’ਤੇ ਅਮਲ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੈ । ਇਸ ਤੋਂ ਬਾਅਦ ਕੌਂਸਲਰ ਕੈਂਥ, ਕੌਂਸਲਰ ਸੁਖਦੇਵ ਸੇਬੀ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ, ਕੌਂਸਲਰ ਅਮਨਜੀਤ ਖਹਿਰਾ, ਕੌਂਸਲਰ ਕੁਨਾਲ ਬੱਬਰ, ਕੌਂਸਲਰ ਪਾਲੀ ਆਦਿ ਆਪੋ-ਆਪਣੇ ਵਾਰਡਾਂ ਦੇ ਮਸਲਿਆਂ ’ਚ ਹੋ ਰਹੀ ਦੇਰੀ ਅਤੇ ਕੌਂਸਲ ਦੀ ਫਜ਼ੂਲਖਰਚੀ ਆਦਿ ਮੁੱਦਿਆਂ ’ਤੇ ਮੇਹਣੋ-ਮੇਹਣੀ ਹੋਏ। ਨਗਰ ਕੌਂਸਲ ਪ੍ਰਧਾਨ ਨੇ ਚੱਲਦੇ ਰੌਲੇ ਰੱਪੇ ਵਿਚ ਹੀ ਸਾਰੇ ਮਤੇ ਪ੍ਰਵਾਨ ਕਰਨ ਦਾ ਹੋਕਾ ਦੇ ਦਿੱਤਾ ਅਤੇ ਕੌਂਸਲ ਦੀ ਮੀਟਿੰਗ ਸਮਾਪਤ ਹੋ ਗਈ।