ਕਤਲ ਕੇਸ ’ਚੋਂ ਬਰੀ ਹੋਣ ਮਗਰੋਂ ਜਗੀਰ ਕੌਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਆਪਣੀ ਧੀ ਦੇ ਕਤਲ ਕੇਸ ਵਿਚੋਂ ਬਰੀ ਹੋਈ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨਾਲ ਪਰਿਵਾਰਕ ਮੈਂਬਰ ਤੇ ਸਮਰਥਕ ਹਾਜ਼ਰ ਸਨ।
ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਅਦਾਲਤ ਕੋਲੋਂ ਮਿਲੇ ਨਿਆਂ ਨਾਲ ਉਨ੍ਹਾਂ ਦਾ ਕਾਨੂੰਨ ਵਿਚ ਵਿਸ਼ਵਾਸ ਹੋਰ ਪ੍ਰਪੱਕ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਅੱਜ ਕੇਸ ਖਾਰਜ ਕਰ ਦਿੱਤਾ ਹੈ ਅਤੇ ਇਸ ਕੇਸ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਇਸ ਕੇਸ ਨੂੰ ਰਾਜਸੀ ਤੌਰ ‘ਤੇ ਰੰਜਿਸ਼ ਵਜੋਂ ਦਾਇਰ ਕੀਤਾ ਮਾਮਲਾ ਕਰਾਰ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਲਗਪਗ 19 ਵਰ੍ਹੇ ਮਾਨਸਿਕ ਪੀੜਾ ਵਿਚੋਂ ਲੰਘਣਾ ਪਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨਾਲ ਉਨ੍ਹਾਂ ਦੇ ਸਹਿਯੋਗੀਆਂ ਨੇ ਵੀ ਇਸ ਪੀੜਾ ਨੂੰ ਹੰਢਾਇਆ ਹੈ, ਜਿਸ ਕਾਰਨ ਉਨ੍ਹਾਂ ਦੇ ਮਨ ’ਤੇ ਇਕ ਵੱਡਾ ਬੋਝ ਸੀ, ਜੋ ਅੱਜ ਖ਼ਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਕੇਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਦੇ 19 ਸਾਲ ਦਾ ਲੰਮਾ ਸਮਾਂ ਅਜਾਈਂ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਅਤੇ ਅੱਜ ਇਕ ਮਾਨਸਿਕ ਬੋਝ ਤੋਂ ਸੁਰਖਰੂ ਹੋਏ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਪ੍ਰਮਾਤਮਾ ’ਤੇ ਭਰੋਸਾ ਸੀ ਅਤੇ ਇਹ ਭਰੋਸਾ ਅੱਜ ਹੋਰ ਵੀ ਪ੍ਰਪੱਕ ਹੋਇਆ ਹੈ। ਕਾਨੂੰਨ ਤੋਂ ਵੀ ਉਨ੍ਹਾਂ ਨੂੰ ਨਿਆਂ ਮਿਲਿਆ ਹੈ। ਇਸੇ ਲਈ ਅੱਜ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਵਿਰੋਧੀਆਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਘਰ ਵਿੱਚ ਵੀ ਮੁਬਾਰਕਾਂ ਦਿੱਤੀਆਂ ਗਈਆਂ।
ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮਾਣ ਮਿਲਿਆ ਹੈ ਅਤੇ ਉਹ ਦੋ ਵਾਰ ਸਿੱਖ ਸੰਸਥਾ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹ ਪਹਿਲੀ ਵਾਰ 16 ਮਾਰਚ 1999 ਤੋਂ 30 ਨਵੰਬਰ 2000 ਤਕ ਅਤੇ ਦੂਜੀ ਵਾਰ 23 ਸਤੰਬਰ 2004 ਤੋਂ ਲੈ ਕੇ 22 ਨਵੰਬਰ 2005 ਤਕ ਸਿੱਖ ਸੰਸਥਾ ਦੇ ਪ੍ਰਧਾਨ ਰਹੇ ਹਨ।