ਨਾਜਾਇਜ਼ ਸਬੰਧਾਂ ਕਾਰਨ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ

ਮਾਨਸਾ- ਦੋ ਬੱਚਿਆਂ ਦੀ ਮਾਂ ਨੇ ਨਾਜਾਇਜ਼ ਸਬੰਧਾਂ ਕਾਰਨ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ।
ਉਪ ਕਪਤਾਨ ਪੁਲੀਸ ਸਿਮਰਨਜੀਤ ਸਿੰਘ ਲੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਬਜੀਤ ਕੌਰ ਨੇ ਆਪਣੇ ਪ੍ਰੇਮੀ ਲਖਵਿੰਦਰ ਸਿੰਘ ਉਰਫ ਲੱਖਾ ਨਾਲ ਮਿਲ ਕੇ ਆਪਣੇ ਪਤੀ ਬਲਵਿੰਦਰ ਸਿੰਘ ਉਰਫ ਬਿੰਦਰ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਲਾਸ਼ ਪੱਖੇ ਵਾਲੀ ਹੁੱਕ ਨਾਲ ਲਟਕਾ ਦਿੱਤੀ। ਘਟਨਾ ਦਾ ਪਤਾ ਚੱਲਣ ’ਤੇ ਪੁਲੀਸ ਨੇ ਕਈ ਪਹਿਲੂਆਂ ’ਤੇ ਜਾਂਚ ਕੀਤੀ ਅਤੇ ਮਾਮਲਾ ਹੱਲ ਕਰ ਲਿਆ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਪੁੱਤਰੀ ਗੁਲਜ਼ਾਰ ਸਿੰਘ ਵਾਸੀ ਫੂਲ ਜ਼ਿਲ੍ਹਾ ਬਠਿੰਡਾ ਦਾ ਨੌਂ ਸਾਲ ਪਹਿਲਾਂ ਦਲੇਲ ਸਿੰਘ ਵਾਲਾ ਦੇ ਬਲਵਿੰਦਰ ਸਿੰਘ ਉਰਫ ਬਿੰਦਰ ਨਾਲ ਵਿਆਹ ਹੋਇਆ ਸੀ। ਉਸ ਦੇ 6 ਸਾਲਾਂ ਦੀ ਲੜਕੀ ਅਤੇ 4 ਸਾਲਾਂ ਦਾ ਲੜਕਾ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਦੇ ਸਿਲਾਈ ਦਾ ਕੰਮ ਸਿੱਖਣ ਲਈ ਮਾਨਸਾ ਜਾਂਦਿਆਂ ਇਕ ਪ੍ਰਾਈਵੇਟ ਬੱਸ ਦੇ ਡਰਾਈਵਰ ਬਲਵਿੰਦਰ ਸਿੰਘ ਨਾਲ ਇਸ਼ਕ ਹੋ ਗਿਆ। ਔਰਤ ਨੇ ਆਪਣੇ ਪਤੀ ਨੂੰ ਇਨ੍ਹਾਂ ਨਾਜਾਇਜ਼ ਸਬੰਧਾਂ ਵਿੱਚ ਅੜਿੱਕਾ ਮੰਨਦਿਆਂ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਇਸ ਤਹਿਤ ਉਸ ਨੇ ਰਾਤ ਨੂੰ ਆਪਣੇ ਆਸ਼ਕ ਬਲਵਿੰਦਰ ਸਿੰਘ, ਜੋ ਕਿ ਖੁਦ ਦੋ ਬੱਚਿਆਂ ਦਾ ਪਿਤਾ ਹੈ ਨੂੰ ਆਪਣੇ ਘਰੇ ਬੁਲਾਇਆ ਤੇ ਉਸ ਦੀ ਹੱਤਿਆ ਕਰ ਦਿੱਤੀ।
ਪੁਲੀਸ ਅਨੁਸਾਰ ਬਲਵਿੰਦਰ ਸਿੰਘ ਸ਼ਰਾਬ ਪੀਂਦਾ ਸੀ ਤੇ ਉਸ ਦਿਨ ਵੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦਾ ਲਾਹਾ ਲੈਂਦਿਆਂ ਇਨ੍ਹਾਂ ਨੇ ਚੁੰਨੀ ਨਾਲ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਮਗਰੋਂ ਲਾਸ਼ ਪੱਖੇ ਦੀ ਹੁੱਕ ਨਾਲ ਟੰਗ ਦਿੱਤਾ ਅਤੇ ਤੜਕੇ ਦਿਨ ਚੜ੍ਹਦਿਆਂ ਪਿੰਡ ਵਿਚ ਆਤਮ ਹੱਤਿਆ ਦਾ ਚੀਕ-ਚਹਾੜਾ ਪਾ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।