ਖ਼ਾਲਿਦਾ ਜ਼ਿਆ ਦੇ ਤਿੰਨ ਹਲਕਿਆਂ ਤੋਂ ਭਰੇ ਨਾਮਜ਼ਦਗੀ ਕਾਗਜ਼ ਰੱਦ

ਜੇਲ੍ਹ ’ਚ ਬੰਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਜਿਨ੍ਹਾਂ ਆਉਣ ਵਾਲੀਆਂ ਆਮ ਚੋਣਾਂ ਵਿਚ ਤਿੰਨ ਹਲਕਿਆਂ ਤੋਂ ਚੋਣ ਲੜ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੇ ਨਾਮਜ਼ਦਗੀ ਕਾਗਜ਼ਾਤ ਚੋਣ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਕਰ ਕੇ ਰੱਦ ਕਰ ਦਿੱਤੇ ਹਨ। ਕਮਿਸ਼ਨ ਦਾ ਇਹ ਫ਼ੈਸਲਾ ਬੰਗਲਾਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਤੋਂ ਚਾਰ ਦਿਨ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਦੋ ਸਾਲ ਤੋਂ ਵੱਧ ਕੈਦ ਕੱਟ ਰਿਹਾ ਕੋਈ ਵਿਅਕਤੀ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਦਾ ਜਿਸ ਨਾਲ 30 ਦਸੰਬਰ ਨੂੰ ਹੋ ਰਹੀਆਂ ਚੋਣਾਂ ਵਿਚ ਜ਼ਿਆ ਦੇ ਹਿੱਸਾ ਲੈਣ ਦੇ ਆਸਾਰ ਖ਼ਤਮ ਹੋ ਗਏ ਸਨ। 73 ਸਾਲਾ ਜ਼ਿਆ ਆਪਣੇ ਮਰਹੂਮ ਪਤੀ ਜ਼ਿਆਉਰ ਰਹਿਮਾਨ ਦੇ ਨਾਂ ’ਤੇ ਚੱਲਦੀਆਂ ਦੋ ਖੈਰਾਇਤੀ ਸੰਸਥਾਵਾਂ ਦੇ ਫੰਡਾਂ ਵਿਚ ਗਬਨ ਦੇ ਦੋਸ਼ ਹੇਠ ਕੈਦ ਕੱਟ ਰਹੀ ਹੈ। ਉਸ ਨੇ ਉੱਤਰ-ਪੱਛਮੀ ਬੋਗਰਾ ਤੋਂ ਦੋ ਹਲਕਿਆਂ ਅਤੇ ਦੱਖਣ-ਪੂਰਬੀ ਫੇਨੀ ਦੇ ਇਕ ਹਲਕੇ ਤੋਂ ਨਾਮਜ਼ਦਗੀ ਕਾਗਜ਼ਾਤ ਦਾਖ਼ਲ ਕਰਵਾਏ ਸਨ ਪਰ ਚੋਣ ਕਮਿਸ਼ਨ ਨੇ ਇਹ ਰੱਦ ਕਰ ਦਿੱਤੇ। ਕਮਿਸ਼ਨ ਦੇ ਤਰਜਮਾਨ ਮੁਤਾਬਕ ਜ਼ਿਆ ਤੋਂ ਇਲਾਵਾ 15 ਹੋਰ ਨਾਮੀ ਉਮੀਦਵਾਰ ਵੱਖ ਵੱਖ ਅਧਾਰ ’ਤੇ ਚੋਣ ਲੜਨ ਦੇ ਨਾਅਹਿਲ ਕਰਾਰ ਦਿੱਤੇ ਗਏ ਹਨ।