ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

ਸੋਹਾਣਾ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੇ ਹੀ ਮਹੀਨਾ ਪਹਿਲਾਂ ਇੱਥੋਂ ਦੇ ਸੈਕਟਰ-94 ਵਿੱਚ ਰਾਤ ਨੂੰ ਇੱਕ ਟਰੱਕ ਚਾਲਕ ਅਤੇ ਮਜ਼ਦੂਰਾਂ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕਈ ਮੋਬਾਈਲ ਫੋਨ ਲੁੱਟੇ ਸਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਸੁਹੇਲ ਖਾਨ ਅਤੇ ਸੁਨੀਲ ਕੁਮਾਰ ਵਾਸੀ ਪਿੰਡ ਮਿਰਜ਼ਾਪੁਰ, ਹਾਲ ਵਾਸੀ ਪਿੰਡ ਭਬਾਤ, ਦੀਪਕ ਕੁਮਾਰ ਵਾਸੀ ਪਿੰਡ ਰਾਮਪੁਰ, ਹਾਲ ਵਾਸੀ ਦਿਆਲਪੁਰਾ, ਸੁਨੀਲ ਗਿਰੀ ਵਾਸੀ ਪਿੰਡ ਰਾਮਪੁਰ, ਹਾਲ ਵਾਸੀ ਸੰਤੇਮਾਜਰਾ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਅਸਲਾ ਐਕਟ ਅਤੇ ਲੁੱਟ-ਖੋਹ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਈਆਂ 31 ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਹਾਲੀ ਦੇ ਐਸਪੀ (ਸਿਟੀ) ਜਸਕਰਨਜੀਤ ਸਿੰਘ ਤੇਜਾ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੂੰ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਮਗਰੋਂ ਪੁਲੀਸ ਨੇ ਥਾਣਾ ਮੁਖੀ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਬਰਮਾ ਸਿੰਘ ਦੀ ਅਗਵਾਈ ਹੇਠ ਮੁਹਾਲੀ ਏਅਰਪੋਰਟ ਸੜਕ ਚੌਕ ਨੇੜਿਓਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪਿਸਤੌਲ, ਤਿੰਨ ਕਾਰਤੂਸ, ਕਿਰਪਾਨਾਂ, ਲੋਹੇ ਦੀਆਂ ਰਾਡਾਂ, 20 ਗਰਾਮ ਹੈਰੋਇਨ ਅਤੇ 500 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਤ ਸਮੇਂ ਲੋਕਾਂ ਦੀ ਕੁੱਟਮਾਰ ਕਰਕੇ ਲੁੱਟਾਂ-ਖੋਹਾਂ ਕਰਦੇ ਸਨ। ਐਸਪੀ ਤੇਜਾ ਨੇ ਦੱਸਿਆ ਮੁਲਜ਼ਮਾਂ ਨੇ ਸੋਹਾਣਾ ਇਲਾਕੇ ਵਿੱਚ ਐਰੋਸਿਟੀ, ਸੈਕਟਰ-77 ਅਤੇ ਸੈਕਟਰ-79 ਅਤੇ ਸੋਹਾਣਾ ਵਿੱਚ ਹੁਣ ਤੱਕ 9 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸੇ ਤਰ੍ਹਾਂ ਖਰੜ ਇਲਾਕੇ ਵਿੱਚ ਪਿੰਡ ਜੰਡਪੁਰ, ਨਿਊ ਸੰਨ੍ਹੀ ਐਨਕਲੇਵ ਵਿੱਚ 15 ਵਾਰਦਾਤਾਂ, ਬਲੌਂਗੀ ਖੇਤਰ ਵਿੱਚ ਟੀਡੀਆਈ ਸਿਟੀ ਵਿੱਚ ਦੋ ਵਾਰਦਾਤਾਂ, ਜ਼ੀਰਕਪੁਰ ਇਲਾਕੇ ਵਿੱਚ ਐਰੋਸਿਟੀ ਵੀਆਈਪੀ ਰੋਡ, ਆਨੰਦ ਸੁਸਾਇਟੀ, ਜਰਾਹੁਲ ਢਾਬਾ, ਮਾਇਓ ਸੁਸਾਇਟੀ ਵਿੱਚ 5 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 63 ਮੋਬਾਈਲ ਫੋਨ ਸੈੱਟ, 1 ਲੈਪਟਾਪ, 1 ਐਲਈਡੀ, 3 ਗੈੱਸ ਸਿਲੰਡਰ, ਦੋ ਮੋਟਰਸਾਈਕਲ ਅਤੇ ਇੱਕ ਸੋਨੇ ਦੀ ਅੰਗੂਠੀ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ 1 ਨਵੰਬਰ ਦੀ ਅੱਧੀ ਰਾਤ ਸੈਕਟਰ-94 ਵਿੱਚ ਲੁਟੇਰਿਆਂ ਨੇ ਕਲੋਨੀ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਉਸ ਦੀ ਜੇਬ ’ਚੋਂ ਨਗਦੀ ਕੱਢ ਲਈ ਸੀ। ਇਸ ਉਪਰੰਤ ਲੁਟੇਰਿਆਂ ਨੇ ਉਸਾਰੀ ਅਧੀਨ ਕੋਠੀਆਂ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਤੋਂ ਨਗਦੀ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹੇ ਸਨ। ਰਸਤੇ ਵਿੱਚ ਆ ਰਹੇ ਇੱਕ ਰੇਤਾ ਬਜਰੀ ਦੇ ਟਰੱਕ ਚਾਲਕ ਨੇ ਲੁਟੇਰਿਆਂ ਤੋਂ ਕਿਸੇ ਦਾ ਪਤਾ ਪੁੱਛਿਆ ਤਾਂ ਲੁਟੇਰਿਆਂ ਨੇ ਚਾਲਕ ਨੂੰ ਟਰੱਕ ਤੋਂ ਥੱਲੇ ਉਤਾਰ ਕੇ ਉਸ ਦੀ ਵੀ ਕੁੱਟਮਾਰ ਕੀਤੀ ਸੀ ਅਤੇ ਟਰੱਕ ਚਾਲਕ ਕੋਲੋਂ 60 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ ਸਨ।