ਸਿੱਖਿਆ ਮੰਤਰੀ ਦੇ ਭਰੋਸੇ ਮਗਰੋਂ ਅਧਿਆਪਕਾਂ ਦਾ ਧਰਨਾ ਸਮਾਪਤ

ਸਿੱਖਿਆ ਮੰਤਰੀ ਓ ਪੀ ਸੋਨੀ ਨੇ ਇਥੇ 56 ਦਿਨਾਂ ਤੋਂ ਧਰਨੇ ’ਤੇ ਬੈਠੇ ਅਧਿਆਪਕਾਂ ਕੋਲ ਪਹੁੰਚ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖਿਆ ਮੰਤਰੀ ਨੇ ਭੁੱਖ ਹੜਤਾਲ ’ਤੇ ਬੈਠੇ ਅਧਿਆਪਕਾਂ ਨੂੰ ਜੂਸ ਪਿਲਾ ਕੇ ਧਰਨਾ ਸਮਾਪਤ ਕਰਵਾਇਆ।
ਅੱਜ ਦੇਰ ਸ਼ਾਮ ਸ੍ਰੀ ਸੋਨੀ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 5178 ਵਾਲੇ ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਵੇਗੀ ਅਤੇ ਵਾਲੰਟੀਅਰ ਕੈਟਾਗਰੀ ਅਧੀਨ ਭਰਤੀ ਅਧਿਆਪਕਾਂ ਦੀ ਤਨਖ਼ਾਹ ’ਚ 1500 ਰੁਪਏ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸਐਸਏ, ਰਮਸਾ ਤੇ ਆਦਰਸ਼ ਸਕੂਲ ਅਧਿਆਪਕਾਂ ਦੀ ਤਨਖਾਹ ’ਚ ਕਟੌਤੀ ਆਦਿ ਮਸਲਿਆਂ ਸਬੰਧੀ ਮੁੱਖ ਮੰਤਰੀ ਨਾਲ ਅਗਲੇ ਹਫ਼ਤੇ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਆਖਿਆ ਕਿ ਸੁਸਾਇਟੀਆਂ ਅਧੀਨ ਅਧਿਆਪਕਾਂ ਦੇ ਮਸਲਿਆਂ ਦੇ ਨਿਬੇੜੇ ਲਈ 4 ਦਸੰਬਰ ਨੂੰ ਉਹ ਖ਼ੁਦ ਅਧਿਆਪਕ ਮੋਰਚੇ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਸੰਘਰਸ਼ ਸਮੇਂ ਬਦਲੀਆਂ, ਮੁਅੱਤਲੀਆਂ ਆਦਿ ਹੋਈਆਂ ਹਨ, ਉਹ ਹੁਕਮ ਰੱਦ ਕੀਤੇ ਜਾਣਗੇ। ਅਧਿਆਪਕਾਂ ਨੂੰ ਸੂਬੇ ਦਾ ਸਰਮਾਇਆ ਅਤੇ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਯੋਗਦਾਨ ਪਾਉਣ ਵਾਲਾ ਵਰਗ ਦੱਸਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਯੋਗ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕੁਝ ਗਲਤਫਹਿਮੀਆਂ ਹੋ ਜਾਂਦੀਆਂ ਹਨ, ਪ੍ਰੰਤੂ ਗੱਲਬਾਤ ਜ਼ਰੀਏ ਸਾਰੇ ਮਸਲਿਆਂ ਦਾ ਹੱਲ ਨਿਕਲ ਜਾਂਦਾ ਹੈ। ਮੋਰਚੇ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ, ਬਾਜ ਸਿੰਘ ਖਹਿਰਾ, ਸੁਖਵਿੰਦਰ ਸਿੰਘ ਚਹਿਲ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਹਰਦੀਪ ਸਿੰਘ ਟੋਡਰਪੁਰ, ਹਰਵਿੰਦਰ ਬਿਲਗਾ, ਸਤਿਨਾਮ ਸਿੰਘ ਸ਼ੇਰੋ, ਗੁਰਵਿੰਦਰ ਸਿੰਘ, ਹਰਵੀਰ ਸਿੰਘ, ਗੁਰਜਿੰਦਰ ਸਿੰਘ, ਹਾਕਮ ਸਿੰਘ, ਜਸਵਿੰਦਰ ਔਜਲਾ, ਵਿਨੀਤ ਕੁਮਾਰ ਤੇ ਕਰਮਇੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਨੂੰ ਦੇਖਦਿਆਂ ਹਾਲ ਦੀ ਘੜੀ ਪੱਕੇ ਮੋਰਚੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਦੀ ਚੱਕਾ ਜਾਮ ਰੈਲੀ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਅਧਿਆਪਕ ਆਗੂਆਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ’ਤੇ ਨਾ-ਮਿਲਵਰਤਣ ਆਦਿ ਦੇ ਦੋਸ਼ ਲਾਏ ਪਰ ਸਿੱਖਿਆ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਕੋਈ ਪ੍ਰਤੀਕਰਮ ਨਹੀ ਦਿੱਤਾ। ਇਸ ਮੌਕੇ ਪਟਿਆਲਾ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸਐਸਪੀ ਮਨਦੀਪ ਸਿੰਘ ਸਿੱਧੂ, ਐਸਪੀ ਸਿਟੀ ਕੇਸਰ ਸਿੰਘ ਅਤੇ ਹੋਰ ਮੌਜੂਦ ਸਨ। ਮੋਰਚੇ ਦੀ ਇੱਕ ਧਿਰ ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਤੇ ਆਦਰਸ਼ ਮਾਡਲ ਅਧਿਆਪਕ ਯੂਨੀਅਨ ਵੱਲੋਂ ਭਲਕੇ ਪਟਿਆਲਾ ਵਿਚ ਰੋਸ ਪ੍ਰੋਗਰਾਮ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਜਥੇਬੰਦੀ ਖਫਾ ਹੈ ਕਿ ਸਿੱਖਿਆ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਪੁਖਤਾ ਐਲਾਨ ਨਹੀਂ ਕੀਤਾ। ਲਿਹਾਜ਼ਾ ਉਹ ਭਲਕੇ ਸੰਘਰਸ਼ ਉੱਤੇ ਉਤਰਨਗੇ। ਅਧਿਆਪਕ ਆਗੂ ਦੀਦਾਰ ਸਿੰਘ ਮੁਦਕੀ ਨੇ ਦੱਸਿਆ ਕਿ ਉਹ ਭਲਕੇ ਕਿਸੇ ਵੀ ਪੱਧਰ ਦਾ ਰੋਸ ਪ੍ਰੋਗਰਾਮ ਕਰਨਗੇ। ਉਂਜ, ਦੇਰ ਸ਼ਾਮ ਮੋਰਚੇ ਵੱਲੋਂ ਆਪਣਾ ਟੈਂਟ ਆਦਿ ਸਾਮਾਨ ਚੁੱਕ ਲਿਆ ਗਿਆ ਸੀ ਤੇ ਅਧਿਆਪਕ ਵਾਪਸ ਮੁੜ ਗਏ ਸਨ।