ਭਾਰਤ, ਚੀਨ ਅਤੇ ਰੂਸ ਦੇ ਆਗੂਆਂ ਦੀ ਤਿਕੜੀ ਨੇ 12 ਵਰ੍ਹਿਆਂ ਦੇ ਵਕਫ਼ੇ ਮਗਰੋਂ ਵਾਰਤਾ ਦਾ ਸਿਲਸਿਲਾ ਮੁੜ ਸ਼ੁਰੂ ਕਰਦਿਆਂ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਵਪਾਰ ਸੰਸਥਾ ਸਮੇਤ ਹੋਰ ਬਹੁਪੱਖੀ ਅਦਾਰਿਆਂ ’ਚ ਸੁਧਾਰ ਦਾ ਸੱਦਾ ਦਿੱਤਾ। ਉਨ੍ਹਾਂ ਆਲਮੀ ਵਿਕਾਸ ਅਤੇ ਖੁਸ਼ਹਾਲੀ ਲਈ ਖੁੱਲ੍ਹੇ ਵਿਸ਼ਵ ਅਰਥਚਾਰੇ ਦਾ ਹੋਕਾ ਵੀ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ੁੱਕਰਵਾਰ ਨੂੰ ਬੈਠਕ ’ਚ ਹਿੱਸਾ ਲਿਆ। ਜੀ-20 ਸਿਖਰ ਸੰਮੇਲਨ ਤੋਂ ਅੱਡ ਤਿੰਨ ਮੁਲਕਾਂ ਦੇ ਮੁਖੀਆਂ ਦਰਮਿਆਨ 12 ਸਾਲਾਂ ਮਗਰੋਂ ਦੂਜੀ ਵਾਰ ਇਹ ਵਾਰਤਾ ਹੋਈ ਹੈ। ਸ੍ਰੀ ਮੋਦੀ ਨੇ ਕਿਹਾ,‘‘ਰੂਸ, ਭਾਰਤ, ਚੀਨ (ਆਰਆਈਸੀ) ਦੀ ਵਧੀਆ ਬੈਠਕ ਹੋਈ। ਰਾਸ਼ਟਰਪਤੀ ਪੂਤਿਨ, ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਮੈਂ ਵੱਖ ਵੱਖ ਵਿਸ਼ਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਿਸ ਨਾਲ ਸਾਡੇ ਮੁਲਕਾਂ ਵਿਚਕਾਰ ਦੋਸਤੀ ਹੋਰ ਮਜ਼ਬੂਤ ਹੋਵੇਗੀ ਅਤੇ ਵਿਸ਼ਵ ਪੱਧਰ ’ਤੇ ਸ਼ਾਂਤੀ ਵਧੇਗੀ।’’ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਪੂਤਿਨ, ਜਿਨਪਿੰਗ ਅਤੇ ਮੋਦੀ ਨੇ ਕੌਮਾਂਤਰੀ ਮੰਚਾਂ ’ਤੇ ਆਪਸੀ ਸਹਿਯੋਗ ਵਧਾਉਣ ਬਾਰੇ ਆਪਣੇ ਵਿਚਾਰ ਰੱਖੇ। ਤਿੰਨੇ ਆਗੂਆਂ ਨੇ ਬ੍ਰਿਕਸ, ਐਸਸੀਓ ਅਤੇ ਪੂਰਬੀ ਏਸ਼ੀਆ ਸੰਮੇਲਨ ਰਾਹੀਂ ਕੌਮਾਂਤਰੀ ਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਇਸ ਦੇ ਨਾਲ ਅਤਿਵਾਦ, ਵਾਤਾਵਰਨ ਬਦਲਾਅ ਨਾਲ ਨਜਿੱਠਣ ਅਤੇ ਸਾਰੇ ਮਤਭੇਦਾਂ ਦੇ ਸ਼ਾਂਤੀਪੂਰਨ ਹੱਲ ਲਈ ਵੀ ਉਪਰਾਲੇ ਕੀਤੇ ਜਾਣਗੇ। ਬੈਠਕ ਮਗਰੋਂ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਤਿਕੋਣੀ ਬੈਠਕ ਹਾਂਪੱਖੀ ਰਹੀ। ਉਨ੍ਹਾਂ ਕਿਹਾ ਕਿ ਤਿੰਨੇ ਆਗੂਆਂ ਨੇ ਇਕੋ ਜਿਹੇ ਵਿਚਾਰ ਸਾਂਝੇ ਕਰਦਿਆਂ ਆਲਮੀ ਆਰਥਿਕ ਸ਼ਾਸਨ ਨੂੰ ਰਫ਼ਤਾਰ ਦੇਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ। ਸ੍ਰੀ ਗੋਖਲੇ ਮੁਤਾਬਕ ਤਿੰਨੇ ਆਗੂਆਂ ਨੇ ਮਹਿਸੂਸ ਕੀਤਾ ਕਿ ਅਤਿਵਾਦ, ਆਫ਼ਤ ਰਾਹਤ ਅਤੇ ਮਾਨਵੀ ਸਹਾਇਤਾ ਬਾਰੇ ਰਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਾਕਾਤ ਦੌਰਾਨ ਮੰਨਿਆ ਕਿ ਵੂਹਾਨ ਸਿਖਰ ਵਾਰਤਾ ਮਗਰੋਂ ਦੁਵੱਲੇ ਸਬੰਧਾਂ ’ਚ ਸੁਧਾਰ ਆਇਆ ਹੈ। ਦੋਹਾਂ ਆਗੂਆਂ ਨੇ ਆਸ ਜਤਾਈ ਕਿ 2019 ਭਾਰਤ-ਚੀਨ ਸਬੰਧਾਂ ਲਈ ਹੋਰ ਬਿਹਤਰ ਵਰ੍ਹਾ ਹੋਵੇਗਾ। ਮੌਜੂਦਾ ਵਰ੍ਹੇ ’ਚ ਸ੍ਰੀ ਮੋਦੀ ਅਤੇ ਸ਼ੀ ਵਿਚਕਾਰ ਚੌਥੀ ਬੈਠਕ ਦੌਰਾਨ ਆਪਸੀ ਵਿਸ਼ਵਾਸ ਅਤੇ ਦੋਸਤੀ ਵਧਾਉਣ ਦੇ ਸਾਂਝੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਜਿਨਪਿੰਗ ਨਾਲ ਬੈਠਕ ਵਧੀਆ ਰਹੀ। ਸ੍ਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੀ ਗੈਰ ਰਸਮੀ ਵਾਰਤਾ ਲਈ ਉਨ੍ਹਾਂ ਦੀ ਉਡੀਕ ਕਰ ਰਹੇ ਹਨ।
World ਭਾਰਤ, ਰੂਸ, ਚੀਨ ਵੱਲੋਂ 12 ਸਾਲਾਂ ਮਗਰੋਂ ਤ੍ਰੈ-ਪੱਖੀ ਵਾਰਤਾ