ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ’ਤੇ ਹਮਲੇ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ

ਮਨੁੱਖੀ ਅਧਿਕਾਰ ਸੰਸਥਾ ਦੇ ਪ੍ਰਧਾਨ ਸ਼ਸ਼ੀ ਸ਼ਰਮਾ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ ਨੌਂ ਜਣੇ ਅਜੇ ਵੀ ਫ਼ਰਾਰ ਹਨ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ 27 ਨਵੰਬਰ ਨੂੰ ਕੁਝ ਜਣਿਆਂ ਨੇ ਬੱਸ ਅੱਡੇ ਨੇੜੇ ਸ਼ਸ਼ੀ ਸ਼ਰਮਾ ਅਤੇ ਉਸ ਦੇ ਪੁੱਤਰ ’ਤੇ ਦਫ਼ਤਰ ’ਚ ਆ ਕੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਸਬੰਧੀ ਵੱਖ-ਵੱਖ ਪੁਲੀਸ ਪਾਰਟੀਆਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਨੌਂ ਜਣੇ ਸ਼ਾਮਲ ਸਨ। ਇਨ੍ਹਾਂ ਵਿਚੋਂ ਦੋ ਗ੍ਰਿਫ਼ਤਾਰ ਕਰ ਲਏ ਗਏ ਹਨ, ਛੇ ਜਣਿਆਂ ਦੀ ਪਛਾਣ ਹੋ ਗਈ ਹੈ ਤੇ ਇਕ ਅਜੇ ਅਣਪਛਾਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਜਿਹੜੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿਚ ਬਿਕਰਮਜੀਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ ਅਤੇ ਪ੍ਰਦੀਪ ਕੁਮਾਰ ਉਰਫ਼ ਦੀਪਾ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਮੁਲਜ਼ਮਾਂ ਦੇ ਦੱਸਣ ਮੁਤਾਬਕ ਕੁੱਟਮਾਰ ਕਰਨ ਵਾਲਿਆਂ ਵਿਚ ਅਮਰਜੀਤ ਸਿੰਘ ਨਿਊ ਗੁਰੂ ਨਾਨਕ ਪਿੰਡ ਨਾਗਰਾ ਜਲੰਧਰ, ਦਲਬੀਰ ਸਿੰਘ ਉਰਫ ਬੀਰਾ ਵਾਸੀ ਰਾਜ ਨਗਰ, ਬਸਤੀ ਬਾਵਾ ਖੇਲ, ਸੁਖਵਿੰਦਰ ਸਿੰਘ ਉਰਫ ਗੋਲਡੀ ਵਾਸੀ ਨਿਊ ਗੁਰੂ ਅਮਰਦਾਸ ਨਗਰ ਜਲੰਧਰ, ਰਣਜੀਤ ਸਿੰਘ ਉਰਫ਼ ਭਲਵਾਨ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ, ਰੂਬੀ ਵਾਸੀ ਪ੍ਰੀਤ ਨਗਰ, ਸੋਢਲ ਰੋਡ ਜਲੰਧਰ ਅਤੇ ਹਨੀ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਸ਼ਾਮਲ ਸਨ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਅਨੁਸਾਰ ਉਨ੍ਹਾਂ ਨੂੰ ਕੁੱਟਮਾਰ ਮਾਮਲੇ ’ਚ ਕੋਈ ਜਾਣਕਾਰੀ ਨਹੀਂ ਹੈ ਕਿ ਸ਼ਸ਼ੀ ਸ਼ਰਮਾ ਨਾਲ ਕੀ ਰੰਜਿਸ਼ ਸੀ, ਉਨ੍ਹਾਂ ਨੇ ਤਾਂ ਦਲਬੀਰ ਸਿੰਘ ਦੇ ਕਹਿਣ ’ਤੇ ਹੀ ਇਹ ਕੰਮ ਕੀਤਾ। ਡੀਸੀਪੀ ਨੇ ਦੱਸਿਆ ਕਿ ਇਸ ਮਾਮਲੇ ਦਾ ਮੁੱਖ ਸਰਗਣਾ ਦਲਬੀਰ ਸਿੰਘ ਹੈ, ਉਸ ਵਿਰੁੱਧ ਪਹਿਲਾਂ ਹੀ ਵੱਖ ਵੱਖ ਥਾਣਿਆਂ ਵਿਚ ਅੱਠ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਕਿਸੇ ਜਾਇਦਾਦ ਨੂੰ ਲੈ ਕੇ ਝਗੜਾ ਹੋਇਆ ਸੀ, ਉਹ ਗੱਲ ਸਾਹਮਣੇ ਨਹੀਂ ਆਈ। ਸਗੋਂ ਦਲਬੀਰ ਸਿੰਘ ਤੇ ਸ਼ਸ਼ੀ ਸ਼ਰਮਾ ’ਚ ਕੀਤੇ ਜਾਣ ਵਾਲੇ ਕਿਸੇ ਸਾਂਝੇ ਕਾਰੋਬਾਰ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿਚ ਮੁਲਜ਼ਮ ਬਿਕਰਮਜੀਤ ਸਿੰਘ ਵੱਲੋਂ ਵਰਤਿਆ ਦਾਤਰ ਬਰਾਮਦ ਕਰ ਲਿਆ ਹੈ।