ਕਿਸਾਨਾਂ ਦੇ ਮੰਚ ’ਤੇ ਵਿਰੋਧੀ ਧਿਰ ਵਲੋਂ ਏਕੇ ਦਾ ਮੁਜ਼ਾਹਰਾ

* ਸੰਸਦ ਭਵਨ ਵੱਲ ਮਾਰਚ ਕਰਦੇ ਕਿਸਾਨਾਂ ਨੂੰ ਰਾਹ ’ਚ ਰੋਕਿਆ
* ਯੇਚੁਰੀ ਨੇ ਮੋਦੀ ਦੀ ਤੁਲਨਾ ‘ਜੇਬਤਕਰੇ’ ਨਾਲ ਕੀਤੀ
* ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਮੋਦੀ ਸਰਕਾਰ ਜ਼ਿੰਮੇਵਾਰ: ਸ਼ਰਦ ਯਾਦਵ

ਆਪਣੀਆਂ ਮੰਗਾਂ ਲਈ ਕੌਮੀ ਰਾਜਧਾਨੀ ’ਚ ਜੁੜੇ 35 ਹਜ਼ਾਰ ਤੋਂ ਵਧ ਕਿਸਾਨਾਂ ਦੀ ਮਹਾਰੈਲੀ ’ਚ ਵਿਰੋਧੀ ਧਿਰ ਨੇ ਏਕਤਾ ਦਾ ਮੁਜ਼ਾਹਰਾ ਕੀਤਾ। ਰੈਲੀ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਉਸ ਨੇ ਖੇਤੀਬਾੜੀ ਲਈ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਮੁਕੰਮਲ ਕਰਜ਼ਾ ਮੁਆਫ਼ੀ ਅਤੇ ਫ਼ਸਲਾਂ ਦਾ ਵੱਧ ਭਾਅ ਦੇਣ ਦੀ ਮੰਗ ਕੀਤੀ। ਦੋ ਸੌ ਤੋਂ ਵਧ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਝੰਡੇ ਹੇਠਾਂ ਕਿਸਾਨਾਂ ਨੇ ਇਤਿਹਾਸਕ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਗ ਵੱਲ ਮਾਰਚ ਕੀਤਾ ਪਰ ਉਨ੍ਹਾਂ ਨੂੰ ਰਾਹ ’ਚ ਹੀ ਰੋਕ ਲਿਆ ਗਿਆ। ਕਿਸਾਨਾਂ ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਮੁਖੀ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਸੀਪੀਐਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ, ਲੋਕਤਾਂਤਰਿਕ ਜਨਤਾ ਦਲ ਦੇ ਸ਼ਰਦ ਯਾਦਵ ਅਤੇ ਟੀਡੀਪੀ ਆਗੂ ਕੇ ਰਵਿੰਦਰ ਕੁਮਾਰ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਸਾਨ ਵਿਰੋਧੀ ਨੀਤੀਆਂ ਲਈ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਇਸ ਮੌਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਵੀ ਹਾਜ਼ਰ ਸਨ। ਮੋਦੀ ਵਿਰੋਧੀ ਨਾਅਰਿਆਂ ਦਰਮਿਆਨ ਆਗੂਆਂ ਨੇ ਪ੍ਰਧਾਨ ਮੰਤਰੀ ’ਤੇ ਕੁਝ ਚੋਣਵੇਂ ਸਨਅਤਕਾਰਾਂ ਦੀ ਸਹਾਇਤਾ ਕਰਨ ਅਤੇ ਕਿਸਾਨਾਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਏ।ਜੰਤਰ-ਮੰਤਰ ’ਤੇ ਕਿਸਾਨਾਂ ਨਾਲ ਵਿਰੋਧੀ ਧਿਰ ਦੇ ਏਕੇ ਦਾ ਪ੍ਰਗਟਾਵਾ ਕਰਦਿਆਂ ਰਾਹੁਲ ਗਾਂਧੀ ਨੇ ਐਲਾਨ ਕੀਤਾ,‘‘ਖੇਤੀ ਕਰਜ਼ੇ ਮੁਆਫ਼ ਕਰਨੇ ਪੈਣਗੇ ਭਾਵੇਂ ਪ੍ਰਧਾਨ ਮੰਤਰੀ ਕਿਉਂ ਨਾ ਬਦਲਣਾ ਪਏ। ਕਾਨੂੰਨ ਬਦਲਣ ਦੀ ਲੋੜ ਪਏ ਜਾਂ ਪ੍ਰਧਾਨ ਮੰਤਰੀ, ਅਸੀਂ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋ ਜਾਣ। ਜੇਕਰ ਕੋਈ ਸਰਕਾਰ ਕਿਸਾਨਾਂ ਦੀ ਤੌਹੀਨ ਕਰਦੀ ਹੈ ਤਾਂ ਫਿਰ ਉਸ ਨੂੰ ਸੱਤਾ ਤੋਂ ਹਟਾਣਾ ਪਏਗਾ ਅਤੇ ਇਹ ਹੋੋਣ ਜਾ ਰਿਹਾ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਰਫ਼ ਆਪਣੇ ਸਨਅਤਕਾਰ ਦੋਸਤਾਂ ਬਾਰੇ ਬੋਲਣ ਦੇ ਦੋਸ਼ ਲਗਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਕੋਈ ਮੁਫ਼ਤ ਦਾ ਤੋਹਫ਼ਾ ਨਹੀਂ ਸਗੋਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ‘ਜੇਕਰ ਕੁਝ ਵੱਡੇ ਸਨਅਤਕਾਰਾਂ ਦੇ 3.5 ਲੱਖ ਕਰੋੜ ਰੁਪਏ ਦੇ ਕਰਜ਼ਿਆਂ ’ਤੇ ਮੋਦੀ ਸਰਕਾਰ ਵਲੋਂ ਲਕੀਰ ਫੇਰੀ ਜਾ ਸਕਦੀ ਹੈ ਤਾਂ ਫਿਰ ਲੱਖਾਂ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾ ਸਕਦਾ ਹੈ।’ ਇਸੇ ਰੌਂਅ ’ਚ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨਾ ਲਾਗੂ ਕਰਨ ਬਾਰੇ ਸੁਪਰੀਮ ਕੋਰਟ ’ਚ ਬਿਆਨ ਦੇ ਕੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ ਜਦਕਿ ਭਾਜਪਾ ਨੇ 2014 ਦੀਆਂ ਚੋਣਾਂ ਸਮੇਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਖੇਤੀ ਬੀਮਾ ਯੋਜਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੀਮਾ ਯੋਜਨਾ ਨਹੀਂ ਸਗੋਂ ਭਾਜਪਾ ਦੀ ‘ਕਿਸਾਨ ਡਾਕਾ ਯੋਜਨਾ’ ਹੈ। ‘ਮੋਦੀ ਸਰਕਾਰ ਤਾਂ ਸਿਰਫ਼ ਅੰਬਾਨੀਆਂ ਅਤੇ ਅਡਾਨੀਆਂ ਲਈ ਵਧ ਫਿਕਰਮੰਦ ਹੈ।’ ਦਿੱਲੀ ਦੇ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਕਿਸਾਨਾਂ ਦੀ ਹਮਾਇਤ ’ਚ ਆਉਣ ’ਤੇ ਖੁਸ਼ੀ ਜਤਾਈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਤਰਸਯੋਗ ਹਾਲਤ ਪ੍ਰਤੀ ਗ਼ੈਰ ਸੰਜੀਦਾ ਹੈ। ਸ੍ਰੀ ਸ਼ਰਦ ਯਾਦਵ ਨੇ ਮੁਲਕ ’ਚ ਸਾਢੇ ਚਾਰ ਸਾਲਾਂ ਦੌਰਾਨ ਤਿੰਨ ਲੱਖ ਤੋਂ ਵਧ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸੀਤਾਰਾਮ ਯੇਚੁਰੀ ਨੇ ਸ੍ਰੀ ਮੋਦੀ ਦੀ ਤੁਲਨਾ ‘ਜੇਬਕਤਰੇ’ ਨਾਲ ਕੀਤੀ ਅਤੇ ਦੋਸ਼ ਲਾਇਆ ਕਿ ਉਹ ਗਰੀਬਾਂ ਨੂੰ ਲੁੱਟ ਰਿਹਾ ਹੈ। ਸਵਰਾਜ ਇੰਡੀਆ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਰੈਲੀ ਦਾ ਮਕਸਦ ਸਿਰਫ਼ ਪ੍ਰਦਰਸ਼ਨ ਕਰਨਾ ਨਹੀਂ ਸੀ ਸਗੋਂ ਇਹ ਮੌਜੂਦਾ ਨੀਤੀਆਂ ਦੇ ਬਦਲ ਵਜੋਂ ਉਭਰ ਕੇ ਸਾਹਮਣੇ ਆਈ ਹੈ। ਨਰਮਦਾ ਬਚਾਓ ਅੰਦੋਲਨ ਦੀ ਕਾਕਰੁਨ ਮੇਧਾ ਪਾਟਕਰ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਕਾਰੋਬਾਰੀ ਪੱਖੀ ਰਹੀਆਂ ਹਨ ਅਤੇ ਕਿਸਾਨਾਂ ਲਈ ਇਕ ਵੀ ਵੱਡੀ ਪਹਿਲਕਦਮੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਮੰਤਵ ਕਿਸਾਨਾਂ ਅਤੇ ਆਦਿਵਾਸੀਆਂ ਦੀ ਜ਼ਮੀਨ ਸਨਅਤਕਾਰਾਂ ਅਤੇ ਕਾਰਪੋਰੇਟਾਂ ਨੂੰ ਸੌਂਪਣਾ ਹੈ। ਕਈ ਕਿਸਾਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਖ਼ਿਲਾਫ਼ ਵੋਟ ਪਾਉਣ ਦਾ ਅਹਿਦ ਲਿਆ।