ਸ਼੍ਰੀ ਗੁਰੂ ਰਵਿਦਾਸ ਜੀ ਪਵਿੱਤਰ ਬਾਣੀ, ਮਹਾਨ ਸੰਕਲਪਾਂ ਅਤੇ ਮਾਨਵਤਾ ਦਾ ਸੁਨੇਹਾ ਦਿੰਦਾ ਸਮਾਗਮ ਸਮਾਪਤ

ਸ਼ਾਮਚੁਰਾਸੀ (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਸੰਕਲਪਾਂ, ਪਵਿੱਤਰ ਬਾਣੀ, ਮਾਨਵਤਾਵਾਦੀ ਸੋਚ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਰਵਿਦਾਸੀਆ ਕੌਮ ਅਤੇ ਸ਼੍ਰੀ ਅੰਮ੍ਰਿਤਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ 9ਵਾਂ ਮਹਾਨ ਸੰਤ ਸੰਮੇਲਨ ਆਦਮਪੁਰ ਦੁਆਬਾ ਵਿਖੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜਿ.) ਪੰਜਾਬ ਆਦਮਪੁਰ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਹ ਸਮਾਗਮ ਹਰ ਸਾਲ ਦੀ ਤਰ•ਾਂ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ 108 ਸੰਤ ਨਿਰੰਜਣ ਦਾਸ ਜੀ ਦੀ ਦੇਖ ਰੇਖ ਅਤੇ ਆਸ਼ੀਰਵਾਦ ਨਾਲ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਦੇ ਸਰਪ੍ਰਸਤੀ ਹੇਠ ਕਰਵਾਇਆ ਜਾਂਦਾ ਹੈ। ਜਿਸ ਵਿਚ ਇਲਾਕੇ ਦੀਆਂ ਸੈਂਕੜੇ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫ਼ਲਾ ਕੀਤਾ। ਇਸ ਮੌਕੇ ਵੱਖ-ਵੱਖ ਸੰਤ ਮਹਾਪੁਰਸ਼ਾਂ, ਬੁਲਾਰਿਆਂ ਅਤੇ ਮਿਸ਼ਨਰੀ ਗਾਇਕਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼੍ਰੀ ਅੰਮ੍ਰਿਤਬਾਣੀ ਦੇ ਕਥਾ ਕੀਰਤਨ ਅਤੇ ਮਿਸ਼ਨਰੀ ਰਚਨਾਵਾਂ ਸੰਗਤ ਨੂੰ ਸਰਵਣ ਕਰਵਾਈਆਂ। ਸਟੇਜ ਸੰਚਾਲਕ ਨਿਰੰਜਨ ਦਾਸ ਚੀਮਾ ਦੀ ਅਗਵਾਈ ਹੇਠ ਭਾਈ ਸਤਨਾਮ ਸਿੰਘ ਹੁਸੈਨਪੁਰ, ਮਿਸ਼ਨਰੀ ਗਾਇਕ ਕੁਲਦੀਪ ਚੁੰਬਰ, ਦਲਵੀਰ ਹਰੀਪੁਰੀਆ, ਸੋਢੀ ਸਾਗਰ, ਪੀ ਐਸ ਬਿੱਲਾ, ਵਰਿੰਦਰ ਬੱਬੂ, ਗਿਆਨੀ ਮੇਹਰ ਸਿੰਘ, ਬਲਜਿੰਦਰ ਜੋਤੀ ਸਮੇਤ ਕਈ ਹੋਰਾਂ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸ ਤੋਂ ਇਲਾਵਾ ਸਮਾਗਮ ਵਿਚ ਸੰਤ ਪ੍ਰੀਤਮ ਦਾਸ ਸੰਗਤਪੁਰਾ, ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਲੇਖ ਰਾਜ ਨੂਰਪੁਰ, ਸੰਤ ਦੇਸ ਰਾਜ ਦਰਾਵਾਂ, ਬੀਬੀ ਸਤਿਆ ਜੀ ਗਾਜੀਪੁਰ, ਸੰਤ ਮਹਿੰਦਰ ਦਾਸ ਮੇਘੋਵਾਲ ਸਮੇਤ ਕਈ ਹੋਰ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਮਹਿੰਦਰ ਸਿੰਘ ਕੇ ਪੀ, ਸੁਖਵਿੰਦਰ ਕੋਟਲੀ ਅਤੇ ਸੇਵਾ ਸਿੰਘ ਰੱਤੂ ਸਮੇਤ ਕਈ ਹੋਰ ਇਲਾਕੇ ਦੇ ਮੋਹਤਵਰ ਆਗੂ ਹਾਜ਼ਰ ਸਨ। ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਪ੍ਰਧਾਨ ਸੁਰਿੰਦਰ ਖੁਰਦਪੁਰ, ਸੁਰਿੰਦਰ ਬੱਧਣ, ਸ਼ੁਰੇਸ਼ ਕੁਮਾਰ, ਸੰਤੋਖ ਲਾਲ, ਗੁਲਸ਼ਨ ਕੁਮਾਰ, ਸਰਵਣ ਲਾਲ, ਮਨਜੀਤ ਆਦਮਪੁਰ, ਸੋਹਣਜੀਤ, ਸੋਢੀ ਰਾਮ ਅਤੇ ਹੋਰ ਸੰਤ ਸਮਾਜ ਵਲੋਂ ਸ਼੍ਰੀਮਾਨ 108 ਸੰਤ ਨਿਰੰਜਣ ਦਾਸ ਜੀ ਦਾ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਪੁੱਜਣ ਤੇ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਆਈ ਸੰਗਤ ਵਿਚ ਲੰਗਰ ਅਤੁੱਟ ਵਰਤਾਇਆ ਗਿਆ।