ਚੰਡੀਗੜ੍ਹ ਦੇ ਸੈਕਟਰ-22 ਦੀ ਪਾਰਕਿੰਗ ਤੋਂ ਕਸੌਲ (ਮਨੀਕਰਣ) ਜਾਣ ਲਈ ਕਿਰਾਏ ’ਤੇ ਲਈ ਇਨੋਵਾ ਗੱਡੀ ਨੂੰ ਦੋ ਨੌਜਵਾਨਾਂ ਨੇ ਪਿਸਤੋਲ ਦੀ ਨੋਕ ’ਤੇ ਡਰਾਈਵਰ ਤੋਂ ਖੋਹ ਲਈ ਤੇ ਫ਼ਰਾਰ ਹੋ ਗਏ। ਉਨ੍ਹਾਂ ਨੇ ਡਰਾਈਵਰ ਨੂੰ ਰੂਪਨਗਰ ਨੇੜੇ ਉਤਾਰ ਦਿੱਤਾ। ਇਸ ਸਬੰਧੀ ਕੀਰਤਪੁਰ ਸਾਹਿਬ ਪੁਲੀਸ ਨੇ ਡਰਾਈਵਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਗੱਡੀ ਅਤੇ ਲੁੱਟ-ਖੋਹ ਕਰਨ ਵਾਲੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਸੰਨੀ ਖੰਨਾ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਇਨੋਵਾ ਗੱਡੀ ਦਾ ਡਰਾਈਵਰ ਭੂਪ ਸਿੰਘ ਇਨੋਵਾ ਗੱਡੀ (ਐਚਪੀ-01 ਕੇ-5540) ਅੰਦਰ ਸੈਕਟਰ-22 ਦੀ ਕਾਰ ਪਾਰਕਿੰਗ ’ਚ ਸੋ ਰਿਹਾ ਸੀ ਕਿ ਦੋ ਨੌਜਵਾਨ ਉਸ ਕੋਲ ਆਏ ਅਤੇ ਕਸੌਲ (ਮਨੀਕਰਣ) ਜਾਣ ਵਾਸਤੇ ਕਹਿਣ ਲੱਗੇ। ਭੂਪ ਸਿੰਘ ਨੇ ਉਨ੍ਹਾਂ ਨਾਲ 4500 ਰੁਪਏ ਕਿਰਾਇਆ ਤੈਅ ਕੀਤਾ ਅਤੇ ਇਸ ਬਾਰੇ ਕੈਬ ਮਾਲਕ ਨੂੰ ਸੂਚਿਤ ਕੀਤਾ ਅਤੇ ਉਹ ਚੰਡੀਗੜ੍ਹ ਤੋਂ ਚੱਲ ਪਏ। ਜਿਵੇਂ ਹੀ ਗੱਡੀ ਨੇ ਕੀਰਤਪੁਰ ਸਾਹਿਬ ਵਿੱਚ ਦੂਸਰੀ ਨਹਿਰ ਦਾ ਪੁਲ ਪਾਰ ਕੀਤਾ ਤਾਂ ਕਰੀਬ ਸਵਾ ਪੰਜ ਵਜੇ ਇੱਕ ਨੌਜਵਾਨ ਨੇ ਕਿਹਾ ਕਿ ਉਸ ਨੂੰ ਉਲਟੀ ਆਈ ਹੈ ਅਤੇ ਗੱਡੀ ਸਾਈਡ ’ਤੇ ਲਗਾ ਦਿੱਤੀ ਜਾਏ। ਇਸ ’ਤੇ ਚਾਲਕ ਨੇ ਗਾਡੀ ਰੋਕ ਲਈ। ਇਸੇ ਦੌਰਾਨ ਦੂਸਰਾ ਨੌਜਵਾਨ ਚਾਲਕ ਵਾਲੇ ਪਾਸੇ ਆਇਆ ਕੇ ਉਸ ਦੇ ਕੰਨ ’ਤੇ ਪਿਸਤੌਲ ਰੱਖ ਕੇ ਗੱਡੀ ਤੋਂ ਬਾਹਰ ਆਉਣ ਲਈ ਕਹਿਣ ਲੱਗਾ। ਇਸ ਉਪਰੰਤ ਦੂਸਰਾ ਨੌਜਵਾਨ ਵੀ ਆ ਗਿਆ ਅਤੇ ਉਨ੍ਹਾਂ ਨੇ ਚਾਲਕ ਦੇ ਹੱਥ ਬੰਨ੍ਹ ਕੇ ਉਸ ਨੂੰ ਪਿਛਲੀ ਸੀਟ ’ਤੇ ਬਿਠਾ ਦਿੱਤਾ ਅਤੇ ਕਿਹਾ ਕਿ ਰੌਲਾ ਪਾਇਆ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਦੌਰਾਨ ਦੋਵੇਂ ਨੌਜੁਆਨਾਂ ਨੇ ਭੂਪ ਸਿੰਘ ਕੋਲੋਂ ਮੋਬਾਈਲ ਫੋਨ ਖੋਹ ਲਿਆ ਅਤੇ ਪਰਸ ਵੀ ਲੈ ਲਿਆ ਜਿਸ ਵਿਚ ਏਟੀਐਮ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਤੇ ਕੁਝ ਪੈਸੇ ਸਨ। ਇਸ ਮਗਰੋਂ ਉਨ੍ਹਾਂ ਨੇ ਗੱਡੀ ਨੂੰ ਮੋੜਿਆ ਅਤੇ ਡਰਾਈਵਰ ਨੂੰ ਰੋਪੜ ਦੇ ਕੋਲ ਉਤਾਰ ਦਿੱਤਾ। ਇਸ ਘਟਨਾ ਦੀ ਸੂਚਨਾ ਚਾਲਕ ਨੇ ਕਿਸੇ ਦਾ ਫੋਨ ਲੈ ਕੇ ਪੁਲੀਸ ਨੂੰ ਅਤੇ ਆਪਣੇ ਕੈਬ ਮਾਲਕ ਨੂੰ ਦਿੱਤੀ। ਇਸ ਤੋਂ ਬਾਅਦ ਕੀਰਤਪੁਰ ਸਾਹਿਬ ਪੁਲੀਸ ਨੇ ਘਟਨਾ ਸਬੰਧੀ ਲੁੱਟ-ਖੋਹ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਪੁਲੀਸ ਨੇ ਦੋਵਾਂ ਲੁਟੇਰਿਆਂ ਅਤੇ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਨੇ ਗੱਡੀ ਲੁੱਟਣ ਮਗਰੋਂ ਛੇਤੀ ਹੀ ਉਸ ਦੇ ਜੀਪੀਐਸ ਸਿਸਟਮ ਦੀ ਤਾਰ ਵੀ ਕੱਟ ਦਿੱਤੀ।
INDIA ਡਰਾਈਵਰ ਤੋਂ ਇਨੋਵਾ ਗੱਡੀ ਖੋਹ ਕੇ ਲੁਟੇਰੇ ਫ਼ਰਾਰ