ਮੇਅਰ ਤੇ ਕੌਂਸਲਰਾਂ ਨੇ ਮੜ੍ਹੇ ਕਮਿਸ਼ਨਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼

ਨਗਰ ਨਿਗਮ ਦੇ ਮੇਅਰ ਦੀ ਅਗਵਾਈ ਹੇਠ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਜਨਰਲ ਹਾਊਸ ਦੀ ਮੀਟਿੰਗ ’ਚ ਨਾ ਆਉਣ ਉੱਤੇ ਧੜੇਬੰਦੀ ’ਚ ਵੰਡੇ ਕੌਂਸਲਰਾਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਮਿਸ਼ਨਰ ’ਤੇ ਕੌਂਸਲਰਾਂ ਨੂੰ ਬੇਇੱਜ਼ਤ ਕਰਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਹੰਗਾਮੇ ਦੌਰਾਨ ਕਮਿਸ਼ਨਰ ਤਕਰੀਬਨ 3 ਘੰਟੇ ਟਾਊਨ ਹਾਲ ਕਲੱਬ ’ਚ ਬੈਠੀ ਰਹੀ। ਇਸ ਮੌਕੇ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਤੇ ਡਿਪਟੀ ਮੇਅਰ ਜਰਨੈਲ ਸਿੰਘ ਸਮੇਤ ਸਾਰੇ ਕੌਂਸਲਰ ਮੌਜੂਦ ਸਨ।
ਇਸ ਮੌਕੇ ਮੇਅਰ ਅਕਸ਼ਿਤ ਜੈਨ ਨੇ ਦੱਸਿਆ ਕਿ ਪਹਿਲਾਂ 21 ਨਵੰਬਰ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦੀ ਗਈ ਸੀ, ਉਸ ਦਿਨ ਕਮਿਸ਼ਨਰ ਸ੍ਰੀਮਤੀ ਅਨੀਤਾ ਦਰਸ਼ੀ ਨੇ ਕਿਸੇ ਕੰਮ ਦਾ ਬਹਾਨਾ ਬਣਾ ਕੇ ਮੀਟਿੰਗ ਲਈ 29 ਨਵੰਬਰ ਸ਼ਾਮ 3 ਵਜੇ ਦਾ ਸਮਾਂ ਤੇ ਤਰੀਕ ਮੁਕੱਰਰ ਕਰਵਾ ਲਈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਸਮੇਤ ਸਾਰੇ ਕੌਂਸਲਰ ਹਾਊਸ ਦੀ ਮੀਟਿੰਗ ’ਚ ਹਿੱਸਾ ਲੈਣ ਪਹੁੰਚ ਗਏ ਪਰ ਕਮਿਸ਼ਨਰ ਅਨੀਤਾ ਦਰਸ਼ੀ ਨਾ ਤਾਂ ਖੁਦ ਪਹੁੰਚੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਹੋਰ ਸੀਨੀਅਰ ਅਧਿਕਾਰੀ ਨੁਮਾਇੰਦੇ ਵਜੋਂ ਆਇਆ। ਮੀਟਿੰਗ ’ਚ ਨਾ ਆਉਣ ਤੋਂ ਭੜਕੇ ਮੇਅਰ ਤੇ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਮਿਸ਼ਨਰ ਨੇ ਆਪਣੇ ਦਫ਼ਤਰ ਅੱਗੇ ਆਗਿਆ ਲੈ ਕੇ ਮਿਲਣ ਦਾ ਬੋਰਡ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਉੱਤੇ ਕੌਂਸਲਰਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਮੇਅਰ ਅਕਸ਼ਿਤ ਜੈਨ ਤੇ ਹੋਰ ਕੌਸਲਰਾਂ ਨੇ ਨਗਰ ਨਿਗਮ ’ਚ ਭ੍ਰਿਸ਼ਟਾਚਾਰ ਉਜਾਗਰ ਕਰਦਿਆਂ ਦੋਸ਼ ਲਾਇਆ ਕਿ ਸਥਾਨਕ ਕਮਿਸ਼ਨਰ ਅਨੀਤਾ ਦਰਸ਼ੀ ਦੇ ਭ੍ਰਿਸ਼ਟਾਚਾਰ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਤੋਂ ਨਾਜਾਇਜ਼ ਕਬਜ਼ਿਆਂ ਅਤੇ ਇਮਾਰਤਾਂ ਦੇ ਨਕਸ਼ੇ ਪਾਸ ਕਰਨ ਦੀ ਆੜ ਵਿੱਚ ਲੱਖਾਂ ਰੁਪਏ ਰਿਸ਼ਵਤ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗਮ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਇਸ ਭ੍ਰਿਸ਼ਟਾਚਾਰ ਸਬੰਧੀ ਉਸ ਕੋਲ ਪੁਖ਼ਤਾ ਸਬੂਤ ਮੌਜੂਦ ਹਨ, ਉਨ੍ਹਾਂ ਸਬੰਧਤ ਅਧਿਕਾਰੀ ਖਿਲਾਫ਼ ਵਿਜੀਲੈਂਸ ਤੋਂ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
ਇਥੇ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਨੂੰ ਨਿਗਮ ਦਾ ਦਰਜਾ ਮਿਲਣ ਬਾਅਦ ਫਰਵਰੀ 2015’ਚ ਪਹਿਲੀ ਵਾਰ ਚੋਣਾਂ ਹੋਈਆਂ ਅਤੇ ਨਿਗਮ ਚੋਣਾਂ ਬਾਅਦ ਧੜਿਆਂ ’ਚ ਵੰਡੇ ਕੌਂਸਲਰਾਂ ਦੀ ਜੰਗ ਕਾਰਨ ਨਾਂ ਤਾਂ ਸ਼ਹਿਰ ਦਾ ਵਿਕਾਸ ਹੋ ਸਕਿਆ। ਇੱਥੇ ਕੌਂਸਲਰਾਂ ’ਚ ਖਿੱਚੋਤਾਣ ਕਾਰਨ ਬਹੁਤਾ ਚਿਰ ਕੋਈ ਕਮਿਸ਼ਨਰ ਵੀ ਨਹੀਂ ਟਿਕਿਆ ਤੇ ਕਈ ਕਮਿਸ਼ਨਰਾਂ ਦਾ 10 ਤੋਂ ਮਹੀਨੇ ਦਾ ਕਾਰਜਕਾਲ ਹੀ ਰਿਹਾ ਅਤੇ ਵੱਧ ਤੋਂ ਵੱਧ 6 ਮਹੀਨੇ ਦਾ ਸਮਾਂ ਰਿਹਾ ਹੈ।