ਰਾਜਸਥਾਨ ਕਾਂਗਰਸ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਵੋਟਰਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਹਨ। ਇਨ੍ਹਾਂ ਚੋਣ ਵਾਅਦਿਆਂ ਵਿੱਚ ਕਿਸਾਨੀ ਕਰਜ਼ਿਆਂ ’ਤੇ ਲੀਕ, ਲੜਕੀਆਂ ਤੇ ਮਹਿਲਾਵਾਂ ਲਈ ਮੁਫਤ ਸਿੱਖਿਆ, ਪੜ੍ਹੇ-ਲਿਖੇ ਨੌਜਵਾਨਾਂ ਲਈ 3500 ਰੁਪਏ ਤਕ ਬੇਰੁਜ਼ਗਾਰੀ ਭੱਤਾ ਤੇ ਬਜ਼ੁਰਗ ਕਿਸਾਨਾਂ ਲਈ ਪੈਨਸ਼ਨ ਆਦਿ ਪ੍ਰਮੁੱਖ ਹਨ। 7 ਦਸੰਬਰ ਨੂੰ ਸੂਬਾਈ ਵਿਧਾਨ ਸਭਾ ਲਈ ਪੈਣ ਵਾਲੀ ਵੋਟਾਂ ਤੋਂ ਪਹਿਲਾਂ ਅੱਜ ਏਆਈਸੀਸੀ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ‘ਜਨ ਘੋਸ਼ਣਾ ਪੱਤਰ’ ਨਾਂ ਦਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਗਿਆ।
ਸ੍ਰੀ ਪਾਇਲਟ ਨੇ ਕਿਹਾ ਕਿ ਕਾਂਗਰਸ ਨੇ ਸੋਸ਼ਲ ਮੀਡੀਆ ਸਮੇਤ ਹੋਰਨਾਂ ਮੰਚਾਂ ਰਾਹੀਂ ਲੋਕਾਂ ਤਕ ਪਹੁੰਚ ਕਰਦਿਆਂ ਇਹ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਤਿਆਰ ਕਰਨ ਮੌਕੇ ਦੋ ਲੱਖ ਦੇ ਕਰੀਬ ਸੁਝਾਅ ਮਿਲੇ ਸਨ, ਜਿਨ੍ਹਾਂ ਦੇ ਅਧਾਰ ’ਤੇ ਇਹ ਚੋਣ ਮਨੋਰਥ ਪੱਤਰ ਤਿਆਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਰਾਜਸਥਾਨ ਵਿੱਚ ਸਰਕਾਰ ਬਣਾਏ ਜਾਣ ਮਗਰੋਂ ਚੋਣ ਮੈਨੀਫੈਸਟੋ ਵਿਚਲੇ ਵਾਅਦਿਆਂ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਸ੍ਰੀ ਗਹਿਲੋਤ ਨੇ ਕਿਹਾ ਕਿ ਪਾਰਟੀ ਦਾ ਮੈਨੀਫੈਸਟੋ ‘ਰਾਹੁਲ ਮਾਡਲ’ ਉੱਤੇ ਅਧਾਰਿਤ ਹੈ ਕਿਉਂਕਿ ਇਸ ਦਾ ਖਰੜਾ ਲੋਕਾਂ ਦੇ ਸੁਝਾਵਾਂ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਵੱਲੋਂ ਸਥਾਪਤ ਯੂਨੀਵਰਸਿਟੀਆਂ, ਜਿਨ੍ਹਾਂ ਨੂੰ ਭਾਜਪਾ ਸਰਕਾਰ ਨੇ ਬੰਦ ਕਰ ਦਿੱਤਾ ਸੀ, ਮੁੜ ਖੋਲ੍ਹੀਆਂ ਜਾਣਗੀਆਂ। ਪਾਰਟੀ ਨੇ ਮੈਨੀਫੈਸਟੋ ’ਚ ਖੇਤੀ ਸੰਦਾਂ ਤੇ ਟਰੈਕਟਰ ਨੂੰ ਜੀਐਸਟੀ ਤੋਂ ਛੋਟ, ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ, ਡੁੰਗਰਪੁਰ, ਬਾਂਸਵਾੜਾ ਤੇ ਟੌਂਕ ਜ਼ਿਲ੍ਹਿਆਂ ਵਿੱਚ ਰੇਲ ਕੁਨੈਕਟੀਵਿਟੀ, ਨਵੀਂ ਸਨਅਤ ਤੇ ਸੈਰ-ਸਪਾਟਾ ਨੀਤੀਆਂ ਆਦਿ ਜਿਹੇ ਚੋਣ ਵਾਅਦੇ ਕੀਤੇ ਹਨ।
INDIA ਕਾਂਗਰਸ ਵੱਲੋਂ ਰਾਜਸਥਾਨ ਚੋਣਾਂ ਲਈ ਚੋਣ ਮੈਨੀਫੈਸਟੋ ਰਿਲੀਜ਼