ਚੰਡੀਗੜ੍ਹ ’ਚ ਚੋਰੀਆਂ ਅਤੇ ਲੁੱਟਾਂ ਦੀਆਂ ਵਾਰਦਾਤਾਂ ’ਚ ਵਾਧਾ

ਚੋਰਾਂ ਨੇ ਚੰਡੀਗਡ੍ਹ ਪੁਲੀਸ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਜਿਥੇ 26 ਤੇ 27 ਨਵੰਬਰ ਦੀ ਰਾਤ ਨੂੰ ਸੈਕਟਰ-46 ਦੀ ਮਾਰਕੀਟ ਵਿਚਲੇ 5 ਸ਼ੋਅਰੂਮਾਂ ’ਚ ਚੋਰੀਆਂ ਹੋਈਆਂ ਸਨ, ਉਥੇ ਰਾਮ ਦਰਬਾਰ ਖੇਤਰ ਵਿੱਚ ਵੀ ਚੋਰਾਂ ਨੇ ਪੰਜ ਥਾਈਂ ਤਾਲੇ ਤੋੜ ਕੇ ਲੁੱਟ ਮਚਾਈ ਸੀ। ਅਪਰਾਧੀਆਂ ਨੇ ਇਸ ਲੜੀ ਨੂੰ ਜਾਰੀ ਰੱਖਦਿਆਂ ਲੰਘੀ ਰਾਤ ਤੋਂ ਮੁੜ ਸ਼ਹਿਰ ਦੇ 5 ਥਾਵਾਂ ’ਤੇ ਚੋਰੀਆਂ, ਸੰਨ੍ਹਾਂ ਤੇ ਲੁੱਟਾਂ ਦੀ ਹਨੇਰੀ ਲਿਆ ਦਿੱਤੀ ਹੈ। ਇਸ ਤਰ੍ਹਾਂ ਪਿਛਲੇ ਦੋ ਦਿਨਾਂ ’ਚ ਸ਼ਹਿਰ ’ਚ 15 ਚੋਰੀਆਂ, ਸੰਨ੍ਹਾਂ ਤੇ ਲੁੱਟਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਸੂਤਰਾਂ ਅਨੁਸਾਰ ਸ਼ਹਿਰ ’ਚ ਚੋਰੀਆਂ ਦਾ ਦੌਰ ਤੇਜ਼ ਹੋਣ ਕਾਰਨ ਅੱਜ ਪੁਲੀਸ ਹੈੱਡ ਕੁਆਰਟਰ ’ਚ ਉਚ ਪੁਲੀਸ ਅਧਿਕਾਰੀਆਂ ਨੇ ਚਰਚਾ ਕਰਕੇ ਥਾਣਾ ਪੁਲੀਸ ਨੂੰ ਅਪਰਾਧਾਂ ਨੂੰ ਰੋਕਣ ਲਈ ਨਵੇਂ ਸਿਰਿਓਂ ਹਦਾਇਤਾਂ ਜਾਰੀ ਕਰਕੇ ਨਵੀਂ ਰਣਨੀਤੀ ਬਣਾਉਣ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ 27 ਤੇ 28 ਨਵੰਬਰ ਦੀ ਰਾਤ ਨੂੰ ਸੈਕਟਰ-16 ਦੇ ਮਕਾਨ ਨੰਬਰ 81 ਨੂੰ ਸੰਨ੍ਹ ਲਾ ਕੇ ਵੱਡੀ ਲੁੱਟ ਮਚਾਈ ਹੈ। ਪੁਲੀਸ ਅਨੁਸਾਰ ਚੋਰ ਇਸ ਘਰ ਵਿੱਚੋਂ 300 ਯੂਐਸ ਡਾਲਰ, 700 ਯੂਕੇ ਪੌਂਡ, 10 ਹਜ਼ਾਰ ਰੁਪਏ, ਇਕ ਸੋਨੇ ਦੀ ਚੇਨ, ਇਕ ਹੀਰਿਆਂ ਜੜਿਆ ਹਾਰ, 3 ਸੋਨੇ ਦੀਆਂ ਵਾਲੀਆਂ, ਹੀਰਿਆਂ ਦੀਆਂ ਵਾਲੀਆਂ ਤੇ ਇਕ ਮੁੰਦਰੀ ਤੇ ਚਾਂਦੀ ਦੇ ਸਿੱਕੇ ਚੋਰੀ ਕਰ ਲਏ ਹਨ। ਘਰ ਦੇ ਮਾਲਕ ਭੂਸ਼ਣ ਕੁਮਾਰ ਨੇ ਦੱਸਿਆ ਕਿ ਚੋਰ ਕਰੈਡਿਟ ਕਾਰਡ ਤੇ ਡਰਾਈਵਿੰਗ ਲਾਈਸੈਂਸ ਵੀ ਲੈ ਗਏ ਹਨ। ਚੋਰੀ ਦੀ ਦੂਸਰੀ ਘਟਨਾ ਸੈਕਟਰ- 32 ਸੀ ਦੀ ਦੁਕਾਨ ਨੰ. 180 ਵਿੱਚ ਵਾਪਰੀ ਹੈ। ਇਥੇ ਚੋਰਾਂ ਨੇ ਤਾਲੇ ਤੋੜ ਕੇ ਕਟਿੰਗ ਮਸ਼ੀਨ, ਥਰੈਡਿੰਗ ਮਸ਼ੀਨ, ਡਰਾਇਅਰ ਤੇ 2100 ਰੁਪਏ ਚੋਰੀ ਕੀਤੇ ਹਨ। ਤੀਸਰੀ ਘਟਨਾ ’ਚ ਤਿੰਨ ਲੁਟੇਰਿਆਂ ਨੇ ਪਿੰਡ ਮੱਖਣ ਮਾਜਰਾ ਦੇ ਵਸਨੀਕ ਅਸ਼ੋਕ ਕੁਮਾਰ ਨੂੰ ਵਿਕਾਸ ਨਗਰ ਮੌਲੀਜੱਗਰਾਂ ਨਾਲ ਲਗਦੇ ਜੰਗਲੀ ਖੇਤਰ ’ਚ ਚਾਕੂ ਮਾਰ ਕੇ ਲੁੱਟ ਲਿਆ। ਅਸ਼ੋਕ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਇਥੋਂ ਜੰਗਲੀ ਖੇਤਰ ’ਚੋਂ ਗੁਜਰ ਰਿਹਾ ਸੀ ਤਾਂ ਤਿੰਨ ਬਦਮਾਸ਼ਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰਕੇ ਲੁੱਟ ਲਿਆ। ਲੁਟੇਰੇ ਉਸ ਕੋਲੋਂ 2000 ਰੁਪਏ ਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਇਕ ਸਕੂਟਰ ਤੇ ਇਕ ਮੋਟਰਸਾਈਕਲ ਵੀ ਚੋਰੀ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲੀਸ ਅਨੁਸਾਰ ਚੋਰਾਂ ਨੇ ਸੈਕਟਰ-44 ਦੇ ਵਸਨੀਕ ਬਲਦੇਵ ਕੁਮਾਰ ਦਾ ਐਕਟਿਵਾ ਸਕੂਟਰ (ਸੀਐਚ01ਏਟੀ 7145) ਘਰ ਦੇ ਨੇੜਿਓਂ ਚੋਰੀ ਕਰ ਲਿਆ ਹੈ। ਇਸੇ ਦੌਰਾਨ ਸੈਕਟਰ-49 ਦੇ ਵਸਨੀਕ ਨੇ ਪੁਲੀਸ ਨੂੰ ਦੱਸਿਆ ਕਿ ਕਿਸੇ ਨੇ ਜ਼ਿਲ੍ਹਾ ਅਦਾਲਤਾਂ ਸੈਕਟਰ-43 ਦੀ ਕੱਚੀ ਪਾਰਕਿੰਗ ’ਚੋਂ ਉਸ ਦਾ ਸਪਲੈਂਡਰ ਮੋਟਰਸਾਈਕਲ (ਸੀਐਚ 01 ਬੀਜੇ0658) ਚੋਰੀ ਕਰ ਲਿਆ। ਸੈਕਟਰ 17, 31, 34, 49 ਤੇ ਮੌਲੀਜੱਗਰਾਂ ਦੀ ਪੁਲੀਸ ਇਨ੍ਹਾਂ ਅਪਰਾਧਾਂ ਦੇ ਮਾਮਲਿਆਂ ’ਚ 5 ਐਫਆਰਆਈਜ਼ ਦਰਜ ਕਰਕੇ ਪੜਤਾਲ ਕਰ ਰਹੀ ਹੈ ਪਰ ਫਿਲਹਾਲ ਪੁਲੀਸ ਦੇ ਹੱਥ ਕੁਝ ਨਹੀਂ ਲੱਗਾ। ਉਧਰ, ਸੈਕਟਰ-46 ਦੀ ਮਾਰਕੀਟ ’ਚ ਦੁਕਾਨਦਾਰਾਂ ’ਚ ਅੱਜ ਵੀ ਚੋਰਾਂ ਦਾ ਖੌਫ ਸੀ। ਪਰਸੋਂ ਰਾਤ ਇਸ ਮਾਰਕੀਟ ਦੇ ਪੰਜ ਸ਼ੋਅਰੂਮਾਂ ’ਚ ਇਕੋ ਰਾਤ ਚੋਰੀਆਂ ਹੋਈਆਂ ਸਨ। ਸੂਤਰਾਂ ਅਨੁਸਾਰ ਸੀਸੀਟੀਵੀ ਕੈਮਰਿਆਂ ’ਚ ਚੋਰਾਂ ਦੇ ਚਿਹਰੇ ਨਜ਼ਰ ਆਏ ਹਨ ਤੇ ਪੁਲੀਸ ਨੂੰ ਕੁਝ ਹੋਰ ਸੂਹ ਵੀ ਲੱਗੀ ਹੈ।