ਇਕੋ ਰਾਤ 5 ਸ਼ੋਅਰੂਮਾਂ ਦੇ ਤਾਲੇ ਟੁੱਟੇ

ਚੋਰਾਂ ਨੇ ਲੰਘੀ ਰਾਤ ਇਥੇ ਸੈਕਟਰ-46 ਦੀ ਮਾਰਕੀਟ ਵਿਚਲੇ 5 ਸ਼ੋਅਰੂਮਾਂ ਦੇ ਤਾਲੇ ਤੋੜ ਕੇ ਬੋਖੌਫ ਹੋ ਕੇ ਲੁੱਟ ਮਚਾਈ। ਇਸ ਘਟਨਾ ਕਾਰਨ ਮਾਰਕੀਟ ਵਿੱਚ ਰੋਸ ਤੇ ਚਿੰਤਾ ਦੀ ਭਾਵਨਾ ਹੈ ਤੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਰਾਤ ਦੀ ਪੁਲੀਸ ਗਸ਼ਤ ਵਧਾਈ ਜਾਵੇ। ਪੁਲੀਸ ਅਨੁਸਾਰ ਲੰਘੀ ਰਾਤ ਵਾਪਰੀ ਇਸ ਘਟਨਾ ਦਾ ਕੁਝ ਹਿੱਸਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਿਆ ਹੈ ਤੇ ਪੁਲੀਸ ਇਸ ਆਧਾਰ ’ਤੇ ਚੋਰਾਂ ਦੀ ਪੈੜ ਨੱਪ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਇਸ ਮਾਰਕੀਟ ਦੇ ਐਸਸੀਓ ਨੰਬਰ 57, 58, 60, 61 ਤੇ 64 ਦੇ ਤਾਲੇ ਤੋੜੇ। ਇਸੇ ਦੌਰਾਨ ਮਾਰਕੀਟ ’ਚ ਤਾਇਨਾਤ ਇਕ ਸੁਰੱਖਿਆ ਗਾਰਡ ਨੇ ਜਦੋਂ ਇਕ ਸ਼ੋਅਰੂਮ ’ਚ ਸ਼ੱਕੀ ਹਾਲਤ ’ਚ ਲਾਈਟ ਜਗਦੀ ਦੇਖੀ ਤਾਂ ਉਸ ਨੇ ਇਸ ਦੀ ਸੂਚਨਾ ਸ਼ੋਅਰੂਮ ਦੇ ਮਾਲਕ ਨੂੰ ਦਿੱਤੀ। ਐਸਸੀਓ ਨੰਬਰ 60 ‘ਰਮੇਸ਼ ਡਿਪਾਰਟਮੈਂਟਲ’ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਉਸ ਨੂੰ ਚੋਰੀ ਹੋਣ ਦੀ ਸੂਚਨਾ ਤੜਕੇ 3 ਵਜੇ ਮਿਲੀ ਸੀ। ਚੋਰ ਇਸ ਸ਼ੋਅਰੂਮ ਵਿੱਚੋਂ ਕੈਸ਼ ਬਾਕਸ ਲੈ ਗਏ ਹਨ, ਜਿਸ ’ਚ 15,000 ਰੁਪਏ ਸਨ। ਐਸਸੀਓ ਨੰਬਰ 61 ’ਚ ਸਥਿਤ ‘ਬਾਂਸਲ ਨਮਕੀਨ ਤੇ ਸਵੀਟਸ ਪ੍ਰੋਡਕਟਸ’ ਵਿੱਚੋਂ ਵੀ ਚੋਰ 20,000 ਰੁਪਏ ਲੈ ਗਏ ਹਨ। ਚੋਰਾਂ ਨੇ ਇਕ ਕੈਮਿਸਟ ਸ਼ਾਪ ਤੇ ਪੋਲਕਾ ਬੇਕਰੀ ਨੂੰ ਵੀ ਨਿਸ਼ਾਨਾਂ ਬਣਾਇਆ, ਜਿਥੋਂ ਕ੍ਰਮਵਾਰ 10,000 ਰੁਪਏ ਤੇ 5,000 ਰੁਪਏ ਚੋਰੀ ਹੋਏ। ਕੈਮਿਸਟ ਸ਼ਾਪ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਦੋ ਚੋਰਾਂ ਦੇ ਚਿਹਰੇ ਕੈਦ ਹੋਏ ਹਨ ਤੇ ਪੁਲੀਸ ਇਸ ਦੇ ਆਧਾਰ ’ਤੇ ਪੜਤਾਲ ਕਰ ਰਹੀ ਹੈ।