ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਵਿਕਾਸ ਲਈ ਸਾਂਝੇ ਯਤਨਾਂ ਦੀ ਲੋੜ

ਜਗਜੀਤ ਸਿੰਘ ਗਣੇਸ਼ਪੁਰ

ਭਾਸ਼ਾ ਇੱਕ ਸਾਧਨ ਹੈ ਜਿਸ ਰਾਹੀ ਅਸੀਂ ਆਪਣੇ ਵਿਚਾਰ ਦੂਜਿਆਂ ਅੱਗੇ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਇੱਕ ਅੰਦਾਜ਼ੇ ਮੁਤਾਬਿਕ ਸੰਸਾਰ ਵਿੱਚ ਕੁੱਲ 6909 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।ਇਨ੍ਹਾਂ ਵਿੱਚ ਤਕਰੀਬਨ 2000 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਇੱਕ ਸਰਵੇ ਆਨੁਸਾਰ ਇਕ ਹਜ਼ਾਰ ਵਿਅਕਤੀਆਂ ਤੋਂ ਵੀ ਘੱਟ ਰਹਿ ਗਈ ਹੈ। ਕਿਸੇ ਵੀ ਕੌਮ ਦੀ ਪਹਿਚਾਣ ਉਸ ਦੇ ਇਤਿਹਾਸ, ਸਭਿਆਚਾਰ ਅਤੇ ਮਾਂ ਬੋਲੀ ਦੀ ਪ੍ਰਸਿੱਧੀ ਤੋਂ ਹੀ ਲਗਾਈ ਜਾ ਸਕਦੀ ਹੈ। ਇਸ ਸਮੇ ਇਕ ਅੰਦਾਜ਼ੇ ਮੁਤਾਬਕ ਪੂਰੀ ਦੁਨੀਆਂ ਭਰ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 14 ਕਰੋੜ ਤੋਂ ਵੀ ਵੱਧ ਹੈ। ਭਾਰਤ ਦੀਆਂ 22 ਮੁੱਖ ਬੋਲੀਆਂ ਵਿੱਚ ਪੰਜਾਬੀ ਭਾਸ਼ਾ ਸ਼ਾਮਿਲ ਹੈ। ਪੰਜਾਬ ਦੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਸਾਡੀ ਮਾਂ ਬੋਲੀ ਪੰਜਾਬੀ ਨੂੰ ਸਾਡੇ ਆਪਣੇ ਘਰ ਪੰਜਾਬ ਵਿੱਚ ਉਹ ਮਾਣ-ਸਨਮਾਨ ਨਹੀਂ ਮਿਲਿਆ ਜਿਸ ਦੀ ਸਾਡੀ ਮਾਤ ਭਾਸ਼ਾ ਹੱਕਦਾਰ ਹੈ। ਸਾਡੇ ਸਰਕਾਰੀ ਦਫ਼ਤਰਾਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਵਿਸਾਰਿਆ ਜਾ ਰਿਹਾ ਹੈ। ਸਾਡੇ ਰਾਜ ਦੀਆਂ ਸੜਕਾਂ ਤੇ ਲੱਗੇ ਸੰਕੇਤਕ ਬੋਰਡਾਂ ਤੇ ਵੀ ਪੰਜਾਬੀ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਇੱਥੋਂ ਤੱਕ ਕੀ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣਾਏ ਗਏ ਚੰਡੀਗੜ੍ਹ ਜੋ ਕਿ ਪੰਜਾਬ ਦੀ ਰਾਜਧਾਨੀ ਵੀ ਹੈ, ਵਿੱਚ ਪੰਜਾਬੀ ਮਾਂ ਬੋਲੀ ਲਾਗੂ ਨਹੀਂ ਹੋ ਸਕੀ। ਮੈਂ ਆਪਣੇ ਪੰਜਾਬੀਆ ਨੂੰ ਕਦੇ ਵੀ ਆਪਣੀ ਮਾਂ-ਬੋਲੀ ਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੰਦੇ ਨਹੀਂ ਵੇਖਿਆ ਜਿਨ੍ਹਾਂ ਸਤਿਕਾਰ ਫਰਾਂਸ, ਚੀਨ, ਜਰਮਨ, ਰੂਸ, ਸਪੇਨ ਅਤੇ ਇਟਲੀ ਦੇ ਲੋਕ ਆਪਣੀ ਮਾਂ-ਬੋਲੀ ਨੂੰ ਦਿੰਦੇ ਹਨ। ਸਾਡੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪੰਜਾਬੀ ਬੋਲਣ ਤੇ ਪਾਬੰਦੀ ਲਗਾਈ ਜਾਂਦੀ ਹੈ। ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰਨ ਵਾਲਿਆਂ ਨੂੰ ਅਨਪੜ੍ਹ ਜਾਂ ਗਵਾਰ ਸਮਝਿਆ ਜਾਂਦਾ ਹੈ। ਮਾਤਾ-ਪਿਤਾ ਬੜੇ ਫ਼ਖ਼ਰ ਨਾਲ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਬੜੀ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ।

    ਇਸ ਨਿਘਾਰ ਦੇ ਕਈ ਕਾਰਨ ਹਨ ਜਿਵੇਂਂ ਕਿ ਪੱਛਮੀ ਦੇਸ਼ਾਂ ਨੂੰ ਜਾਣ ਦੀ ਹੋੜ ਨੇ ਸਾਡੇ ਬੱਚਿਆਂ ਦਾ ਅੰਗਰੇਜ਼ੀ ਭਾਸ਼ਾ ਵੱਲ  ਝੁਕਾਅ ਵਧਿਆ ਹੈ। ਮਾਪਿਆਂ ਨੂੰ ਵੀ ਇੱਥੇ ਵੱਧ ਰਹੀ ਬੇਰੁਜ਼ਗਾਰੀ ਕਾਰਨ ਆਪਣੇ ਬੱਚਿਆਂ ਦਾ ਭਵਿੱਖ ਇਨ੍ਹਾਂ ਦੇਸ਼ਾਂ ਵਿੱਚ ਹੀ ਸੁਰੱਖਿਅਤ ਲੱਗਦਾ ਹੈ। ਇਸ ਲਈ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਸਿੱਖਣ ਵਿੱਚ ਪਹਿਲ ਦਿੰਦੇ ਹਨ। ਦੂਜਾ ਕਾਰਨ ਬਹੁਕੌਮੀ ਕੰਪਨੀਆ ਜੋ ਭਾਰਤ ਜਾਂ ਪੰਜਾਬ ਵਿੱਚ ਹਨ ਉਹ ਵੀ ਅੰਗਰੇਜ਼ੀ ਭਾਸ਼ਾ ਵਿੱਚ ਮਾਹਿਰ ਕਰਮਚਾਰੀ ਨੂੰ ਹੀ ਤਰਜੀਹ ਦਿੰਦੇ ਹਨ। ਤੀਜਾ ਕਾਰਨ ਪੰਜਾਬੀ ਭਾਸ਼ਾ ਸਰਕਾਰੀ ਬੇਰੁਖ਼ੀ ਦਾ ਵੀ ਸ਼ਿਕਾਰ ਹੋਈ ਹੈ ਕਿਉਂਕਿ ਸਰਕਾਰੀ ਭਾਸ਼ਾ ਹੁੰਦੇ ਹੋਏ ਵੀ ਬਹੁਤੇ ਵਿਭਾਗਾਂ ਵਿੱਚ ਬਹੁਤਾ ਕੰਮ ਮਾਂ-ਬੋਲੀ ਪੰਜਾਬੀ ਵਿੱਚ ਨਹੀਂ ਹੁੰਦਾ ਉਦਾਹਰਨ ਵਜੋਂ ਅਦਾਲਤੀ ਕੰਮ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ। ਚੌਥਾ ਸਭ ਤੋ ਵੱਡਾ ਕਾਰਨ ਸਾਡੀ ਆਪਣੀ ਮਾਨਸਿਕਤਾ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਪੰਜਾਬੀ ਅੱਜ ਦੇ ਮੁਕਾਬਲੇ ਵਾਲੇ ਦੌਰ ਦੀ ਭਾਸ਼ਾ ਨਹੀਂ ਹੈ।
     ਸੋ ਅੱਜ ਲੋੜ ਹੈ ਉਹ ਹਰ ਸੰਭਵ ਕੋਸ਼ਿਸ਼ ਕਰਨ ਦੀ ਜਿਸ ਨਾਲ ਸਾਡੀ ਮਾਂ-ਬੋਲੀ ਉਚਾਈਆਂ ਦੇ ਸਿਖਰ ਤੇ ਪਹੁੰਚ ਸਕੇ। ਸਭ ਤੋਂ ਪਹਿਲਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰੇਕ ਭਾਸ਼ਾ ਦਾ ਆਪਣਾ ਮਹੱਤਵ ਅਤੇ ਇਤਿਹਾਸ ਹੈ। ਇਸ ਲਈ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ  ਮਾਂ-ਬੋਲੀ ਨੂੰ ਵਿਸਾਰ ਕੇ ਦੂਜੀਆਂ ਭਾਸ਼ਾਵਾਂ ਨੂੰ ਅਪਣਾਉਣ ਵਾਲ਼ੇ ਲੋਕ ਜਾਂ ਕੌਮ ਆਪਣਾ ਵਿਰਸਾ ਗਵਾ ਬੈਠਦੇ ਹਨ। ਸੰਸਾਰ ਭਰ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਹਰ ਬੱਚਾ ਆਪਣੀ ਮੁੱਢਲੀ ਪ੍ਰਾਇਮਰੀ ਪੱਧਰ ਦੀ ਪੜਾਈ ਆਪਣੀ ਮਾਤ ਭਾਸ਼ਾ ਵਿੱਚ ਗ੍ਰਹਿਣ ਕਰਨ, ਅਜਿਹਾ ਕਰਨ ਨਾਲ਼ ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਹੋਰ ਭਾਸ਼ਾਵਾਂ ਸਿੱਖਣ ਲਈ ਵੀ ਇਹ ਕਾਰਗਰ ਸਾਬਿਤ ਹੁੰਦਾ ਹੈ।ਅੱਜ ਲੋੜ ਹੈ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਇਆ ਜਾਏ ਤਾਂ ਜੌ ਵਿਦਿਆਰਥੀਆਂ ਦਾ ਰੁਝਾਨ ਪੰਜਾਬੀ ਭਾਸ਼ਾ ਦੀ ਪੜਾਈ ਵੱਲ ਮੁੜ ਕੇਦਰਿਤ ਹੋਵੇ।
     ਪੰਜਾਬੀ ਭਾਸ਼ਾ ਤੇ ਨਾਮ ਤੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸ ਦਾ ਮਕਸਦ ਹੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਹੈ, ਨੇ ਸਮੇਂ ਦੀ ਮੰਗ ਅਨੁਸਾਰ ਪੰਜਾਬੀ ਭਾਸ਼ਾ ਦੇ ਸਾਫ਼ਟਵੇਅਰ ਤਿਆਰ ਕੀਤੇ ਹਨ ਤਾਂ ਜੋ ਇਸ ਦੀ ਵਰਤੋਂ ਕੰਪਿਊਟਰ ਦੀ ਦੁਨੀਆ ਵਿੱਚ ਅਸਾਨੀ ਨਾਲ ਹੋ ਸਕੇ ਜੋ ਕਿ ਇੱਕ ਸ਼ਲਾਘਾਯੋਗ ਕਾਰਜ ਹੈ ਪਰ ਲੋੜ ਹੈ ਇਹਨਾਂ ਕਾਰਜਾਂ ਨੂੰ ਘਰ-ਘਰ ਤੱਕ ਲੈ ਕੇ ਜਾਣ ਦੀ ਤਾਂ ਜੋ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਕਿ ਉਹ ਵੱਧ ਤੋਂ ਵੱਧ ਪੰਜਾਬੀ ਸਾਹਿਤ ਪੜ੍ਹਨ ਅਤੇ ਪੰਜਾਬੀ ਪੜ੍ਹਨ-ਲਿਖਣ ਅਤੇ ਬੋਲਣ ਵਿੱਚ ਮਾਣ ਮਹਿਸੂਸ ਕਰਨ, ਅਜਿਹੀਆਂ ਕੋਸ਼ਿਸ਼ਾਂ ਪੰਜਾਬ ਵਿੱਚ ਸਿੱਖਿਆ ਦੇ ਰਹੀਆਂ ਹੋਰ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਵੀ ਕਰਨੀਆਂ ਚਾਹੀਦੀਆਂ ਹਨ। ਪੰਜਾਬ ਵਿੱਚ ਹੁੰਦੇ ਪ੍ਰਵੇਸ਼ ਪ੍ਰੀਖਿਆਵਾਂ ਦਾ ਮਾਧਿਅਮ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ।
     ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਨਿੱਜੀ ਮੋਬਾਈਲ ਅਤੇ ਸੂਚਨਾ ਤਕਨੀਕੀ ਕੰਪਨੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ ਜਿਵੇ ਕਿ ਐਪਲ, ਗੂਗਲ ਅਤੇ ਹੋਰ ਐਂਡਰ੍ਰਾਇਡ ਕੰਪਨੀਆਂ ਨੇ ਵੀ ਆਪਣੇ ਸਾਫ਼ਟਵੇਅਰ ਤਿਆਰ ਕੀਤੇ ਹਨ ਜਿਸ ਨਾਲ ਕੰਪਿਊਟਰ ਅਤੇ ਮੋਬਾਈਲ ਉੱਤੇ ਪੰਜਾਬੀ ਦੀ ਵਰਤੋ ਕਰਨ ਵਾਲੇ ਯੂਜ਼ਰ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਉਨ੍ਹਾਂ ਦਾ ਪੰਜਾਬੀ ਭਾਸ਼ਾ ਨਾਲ ਪਿਆਰ ਨਹੀਂ ਸਗੋਂ ਆਪਣੇ ਗ੍ਰਾਹਕ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੈ ਪਰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਸ ਦਾ ਸਾਡੀ ਮਾਤ-ਭਾਸ਼ਾ ਨੂੰ ਇਸ ਦਾ ਫ਼ਾਇਦਾ ਪਹੁੰਚ ਰਿਹਾ ਹੈ।
    ਸਾਨੂੰ ਵੀ ਆਪਣੀ ਮਾਂ-ਬੋਲੀ ਪ੍ਰਤੀ ਸੋਚ ਬਦਲਣ ਦੀ ਲੋੜ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਵਰਤੋਂ ਕਰੀਏ ਉਦਾਹਰਨ ਵਜੋਂ ਸਾਡੇ ਖ਼ੁਸ਼ੀ ਅਤੇ ਗ਼ਮੀ ਦੇ ਸਮਾਗਮਾਂ ਦੇ ਸੱਦੇ ਪੱਤਰ ਵੀ ਪੰਜਾਬੀ ਮਾਂ-ਬੋਲੀ ਵਿੱਚ ਛਪਵਾਈਏ। ਆਪਣੀਆਂ ਦੁਕਾਨਾਂ ਦੇ ਨਾਮ ਦੇ ਫਲੈਕਸ ਬੋਰਡ ਆਪਣੀ ਮਾਤ-ਭਾਸ਼ਾ ਵਿੱਚ ਲਿਖਵਾਉਣੇ ਚਾਹੀਦੇ ਹਨ, ਆਪਣੇ ਘਰਾਂ ਦੇ ਅੱਗੇ ਲੱਗੀਆਂ ਤਖ਼ਤੀਆਂ ਆਪਣੀ ਮਾਂ-ਬੋਲੀ ਵਿੱਚ ਹੋਣੀਆਂ ਚਾਹੀਦੀਆਂ ਹਨ। ਅਸੀਂ ਆਪਣੇ ਦਸਤਖ਼ਤ ਕਰਨ ਸਮੇਂ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਅੰਗਰੇਜ਼ੀ ਭਾਸ਼ਾ ਤੋਂ ਅਜ਼ਾਦ ਨਹੀਂ ਕਰਦੇ ਉਸ ਵੇਲੇ ਤੱਕ ਪੰਜਾਬੀ ਦੀ ਹੋਂਦ ਨੂੰ ਖ਼ਤਰਾ ਬਣਿਆ ਹੀ ਰਹੇਗਾ।
     ਸੋ ਅੰਤ ਵਿੱਚ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਭਾਸ਼ਾ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇੱਕ ਵੱਡਾ ਅਣਮੁੱਲਾ ਖ਼ਜ਼ਾਨਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਖ਼ਸ਼ਿਆ ਹੈ ਅਤੇ ਜਿਸ ਬੋਲੀ ਵਿੱਚੋਂ ਸਾਡੇ ਵਿਰਸੇ, ਸਭਿਆਚਾਰ, ਰੀਤੀ ਰਿਵਾਜ, ਰਹਿਣ-ਸਹਿਣ, ਨੈਤਿਕ ਕਦਰਾਂ ਕੀਮਤਾਂ ਦੀ ਝਾਤ ਪੈਂਦੀ ਹੋਵੇ ਉਸ ਬੋਲੀ ਦੀ ਚੜ੍ਹਦੀ ਕਲਾ ਲਈ ਸਾਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ, ਤਾਂ ਜੋ ਸਾਡੀ ਆਉਣ ਵਾਲ਼ੀ ਪੀੜ੍ਹੀ ਇਸ ਵਡਮੁੱਲੇ ਖ਼ਜ਼ਾਨੇ ਤੋਂ ਵਾਂਝੀ ਨਾ ਰਹੇ।
ਜਗਜੀਤ ਸਿੰਘ ਗਣੇਸ਼ਪੁਰ
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਤਹਿਸੀਲ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ
ਸੰਪਰਕ – 94655-76022