ਝੂਠਾ ਮੈਸੇਜ ਪੜ੍ਹ ਕੇ ਨੌਕਰੀ ਲੈਣ ਲੁਧਿਆਣਾ ਪੁੱਜੇ ਸੈਂਕੜੇ ਨੌਜਵਾਨ

ਲੁਧਿਆਣਾ- ਨੌਕਰੀ ਲੈਣ ਇੰਟਰਵਿਊ ਤੇ ਟੈਸਟ ਸਬੰਧੀ ਵਾਇਰਲ ਹੋਏ ਝੂਠਾ ਮੈਸੇਜ ਪੜ੍ਹ ਕੇ ਅੱਜ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨ ਲੁਧਿਆਣਾ ਪੁੱਜ ਗਏ। ਸਨਅਤੀ ਸ਼ਹਿਰ ਦੇ ਗਿੱਲ ਰੋਡ ਸਥਿਤ ਆਈਟੀਆਈ ਪੁੱਜੇ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਇੱਥੇ ਕੋਈ ਨੌਕਰੀ ਲਈ ਇੰਟਰਵਿਊ ਤੇ ਟੈਸਟ ਹੈ ਹੀ ਨਹੀਂ। ਕਿਸੇ ਨੇ ਝੂਠਾ ਮੈਸੇਜ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਹੈ। ਇਸ ਤੋਂ ਬਾਅਦ ਆਈਟੀਆਈ ਦੇ ਬਾਹਰ ਇਕੱਠੇ ਹੋਏ ਸੈਂਕੜੇ ਨੌਜਵਾਨਾਂ ਵਿੱਚ ਭਾਰੀ ਰੋਸ ਸੀ। ਨੌਕਰੀ ਦੀ ਭਾਲ ਵਿੱਚ ਲੁਧਿਆਣਾ ਪੁੱਜੇ ਨੌਜਵਾਨਾਂ ਨੇ ਦੱਸਿਆ ਕਿ ਵੱਟਸਐਪ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ, ਜਿਸ ਵਿੱਚ ਲਿੱਖਿਆ ਸੀ ਕਿ ਫਿੱਟਰ, ਵੈਲਡਰ, ਇਲੈਕਟ੍ਰੀਸ਼ਨ ਤੇ ਮੈਕੇਨਿਕਾਂ ਦੀ ਨੌਕਰੀ ਲਈ ਭਰਤੀ ਕੀਤੀ ਜਾ ਰਹੀ ਹੈ, ਜਿਸ ਵਿੱਚ 22,700 ਰੁਪਏ ਸ਼ੁਰੂਆਤੀ ਤਨਖ਼ਾਹ ਦਿੱਤੀ ਜਾਵੇਗੀ। ਇਸ ਸਬੰਧੀ ਇੰਟਰਵਊ ਤੇ ਟੈਸਟ ਆਈਟੀਆਈ ਲੁਧਿਆਣਾ ਵਿੱਚ ਐਤਵਾਰ ਨੂੰ ਹੋਵੇਗਾ, ਉਸਦੇ ਥੱਲੇ ਇੱਕ ਸੰਪਰਕ ਨੰਬਰ ਵੀ ਸੀ, ਜੋ ਅੱਜ ਇਸ ਮਜ਼ਾਕ ਤੋਂ ਬਾਅਦ ਬੰਦ ਹੈ। ਇੱਥੇ ਪੁੱਜੇ ਨੌਜਵਾਨਾਂ ਨੇ ਦੱਸਿਆ ਕਿ ਉਹ ਪੂਰੀ ਰਾਤ ਸਫ਼ਰ ਕਰਨ ਤੋਂ ਬਾਅਦ ਲੁਧਿਆਣਾ ਪੁੱਜੇ ਹਨ, ਪਰ ਇੱਥੇ ਆ ਕੇ ਪਤਾ ਲੱਗਿਆ ਕਿ ਇਸ ਮੈਸੇਜ ਰਾਹੀਂ ਕਿਸੇ ਨੇ ਉਨ੍ਹਾਂ ਨਾਲ ਮਜ਼ਾਕ ਕੀਤਾ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਨੌਕਰੀ ਲਈ ਲੁਧਿਆਣਾ ਪੁੱਜੇ 21 ਸਾਲਾਂ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸਨੂੰ ਕੁਝ ਦਿਨ ਪਹਿਲਾਂ ਵੱਟਸਐਪ ’ਤੇ ਇਸ ਨੌਕਰੀ ਲਈ ਮੈਸੇਜ ਮਿਲਿਆ ਸੀ। ਅੱਜ ਸਵੇਰੇ ਜਦੋਂ ਉਹ ਕਾਂਗੜਾ ਤੋਂ ਸਫਰ ਕਰਕੇ ਲੁਧਿਆਣਾ ਆਈਟੀਆਈ ਪੁੱਜੇ ਤਾਂ ਹੈਰਾਨ ਰਹਿ ਗਏ ਕਿ ਇੱਥੇ ਕੋਈ ਨੌਕਰੀ ਦਾ ਟੈਸਟ ਤੇ ਇੰਟਰਵਿਊ ਨਹੀਂ ਹੈ। ਕਿਸੇ ਨੇ ਮਜ਼ਾਕ ਕੀਤਾ ਹੈ। ਉਸਨੇ ਦੱਸਿਆ ਕਿ ਉਹ ਪੈਸੇ ਖ਼ਰਚ ਲੁਧਿਆਣਾ ਵੀ ਪੁੱਜਿਆ ਤੇ ਇੱਥੇ ਆ ਕੇ ਨੌਕਰੀ ਵੀ ਨਹੀਂ ਮਿਲੀ, ਜਿਸ ਕਾਰਨ ਉਸਨੂੰ ਕਾਫ਼ੀ ਨਿਰਾਸ਼ਾ ਹੋਈ ਹੈ। ਹੁਸ਼ਿਆਰਪੁਰ ਤੋਂ ਆਏ 20 ਸਾਲਾਂ ਰਣਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਵੀ ਵੱਟਸਐਪ ਰਾਹੀਂ ਇਸ ਨੌਕਰੀ ਬਾਰੇ ਮੈਸੇਜ ਮਿਲਿਆ ਸੀ, ਜਿਸ ’ਤੇ ਯੂ-ਟਿਊਬ ਦਾ ਲਿੰਕ ਵੀ ਸੀ। ਇਸ ਵਿੱਚ ਸਪੱਸ਼ਟ ਕੀਤਾ ਸੀ ਕਿ ਇਹ ਨੌਕਰੀ ਫਰੈਸ਼ਰ ਨੂੰ ਦਿੱਤੀ ਜਾ ਰਹੀ ਹੈ। ਉਹ ਇੰਟਰਵਿਊ ਦੇਣ ਲਈ ਜਦੋਂ ਐਤਵਾਰ ਸਵੇਰੇ ਸਾਢੇ 10 ਵਜੇ ਆਈਟੀਆਈ ਪੁੱਜੇ, ਤਾਂ ਪਤਾ ਲੱਗਿਆ ਕਿ ਉਹ ਮੈਸੇਜ ਝੂਠਾ ਸੀ। ਹਰਿਆਣਾ ਤੇ ਰਾਜਸਥਾਨ ਤੋਂ ਆਏ ਕੁਝ ਨੌਜਵਾਨਾਂ ਨੇ ਇਸ ਸਬੰਧੀ ਆਈਟੀਆਈ ਦੀ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਇਸ ਮੈਸੇਸ ਬਾਰੇ ਕੁਝ ਪਤਾ ਹੀ ਨਹੀਂ ਹੈ। ਆਈਟੀਆਈ ਲੁਧਿਆਣਾ ਦੇ ਪ੍ਰਿੰਸੀਪਲ ਜਸਵੰਤ ਸਿੰਘ ਭੱਠਲ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਵੀ ਤਰੀਕੇ ਦੀ ਨੌਕਰੀ ਲਈ ਇੰਟਰਵਿਊ ਤੇ ਟੈਸਟ ਨਹੀਂ ਰੱਖੇ ਸਨ। ਆਈਟੀਆਈ ਵਿੱਚ 19 ਤੋਂ 22 ਨਵੰਬਰ ਤੱਕ ਰੁਜ਼ਗਾਰ ਮੇਲਾ ਚੱਲ ਰਿਹਾ ਸੀ। ਲਗਦਾ ਹੈ ਉਸੇ ਦਾ ਹੀ ਫਾਇਦਾ ਚੁੱਕ ਕੇ ਕਿਸੇ ਨੇ ਸੋਸ਼ਲ ਮੀਡੀਆ ’ਤੇ ਇਹ ਝੂਠਾ ਮੈਸੇਜ ਵਾਇਰਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ।