ਮਾਇਆਵਤੀ ਵੱਲੋਂ ਭਾਜਪਾ ਅਤੇ ਸ਼ਿਵ ਸੈਨਾ ਦੀ ਨਿਖੇਧੀ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਮੁੱਦਾ ਚੁੱਕਣ ਲਈ ਭਾਜਪਾ ਅਤੇ ਸ਼ਿਵ ਸੈਨਾ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਉਨ੍ਹਾਂ ਦੀ ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਦੀ ਰਾਜਨੀਤਕ ਚਾਲ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ, ਪਾਰਟੀਆਂ ਅਤੇ ਜਥੇਬੰਦੀਆਂ ਨੂੰ ਇਹ ਮਾਮਲਾ ਇਸ ਤਰ੍ਹਾਂ ਚੁੱਕਣ ਦੀ ਥਾਂ ਅਦਾਲਤੀ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
ਮਾਇਆਵਤੀ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਲਈ ਉਹ(ਭਾਜਪਾ ਅਤੇ ਸ਼ਿਵਸੈਨਾ) ਰਾਮ ਮੰਦਰ ਦਾ ਮੁੱਦਾ ਚੁੱਕ ਰਹੇ ਹਨ। ਕੀ ਉਨ੍ਹਾਂ ਦੀ ਨੀਅਤ ਸਾਫ ਹੈ, ਉਹ ਪੰਜ ਸਾਲ ਇੰਤਜ਼ਾਰ ਨਹੀਂ ਕਰ ਸਕਦੇ। ਇਹ ਉਨ੍ਹਾਂ ਦੀ ਰਾਜਨੀਤਕ ਚਾਲ ਹੈ, ਹੋਰ ਕੁਝ ਨਹੀਂ। ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਵਰਗੇ ਉਨ੍ਹਾਂ ਦੇ ਸਹਿਯੋਗੀ ਵੱਲੋਂ ਅਜਿਹਾ ਕਰਨਾ ਸਾਜਿਸ਼ ਦਾ ਹਿੱਸਾ ਹੈ।’’
ਜ਼ਿਕਰਯੋਗ ਹੈ ਕਿ ਵੱਖ ਵੱਖ ਜਥੇਬੰਦੀਆਂ ਰਾਮ ਮੰਦਰ ਦੀ ਛੇਤੀ ਉਸਾਰੀ ਲਈ ਅਯੁੱਧਿਆ ਵਿੱਚ ਸ਼ਨਿਚਰਵਾਰ ਨੂੰ ਸਮਾਗਮ ਕਰ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਨੇ ਪਾਰਟੀ ਦੇ ਲੋਕਾਂ ਨੂੰ ਭੀਮ ਆਰਮੀ ਵਰਗੀਆਂ ਜਥੇਬੰਦੀਆਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ। ਚੰਦਰਸ਼ੇਖਰ ਆਜ਼ਾਦ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਜਥੇਬੰਦੀਆਂ ਚੋਣਾਂ ਵੇਲੇ ਵਿਰੋਧੀ ਧਿਰਾਂ ਦੇ ਹੱਥਾਂ ਵਿੱਚ ਖੇਡਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਜਥੇਬੰਦੀਆਂ ਵੱਖ ਵੱਖ ਜਾਤੀ ਦੇ ਲੋਕਾਂ ਨੂੰ ਇਕ ਦੂਜੇ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਨਾਲ ਸਮਾਜ ਵਿੱਚ ਧਰੁਵੀਕਰਨ ਅਤੇ ਹਿੰਸਾ ਫੈਲਦੀ ਹੈ।