ਸਰਹੱਦੀ ਵਿਵਾਦ ਸੁਲਝਾਉਣ ਲਈ ਭਾਰਤ-ਚੀਨ ਵਾਰਤਾ

ਭਾਰਤ ਅਤੇ ਚੀਨ ਨੇ ਸਰਹੱਦੀ ਵਿਵਾਦ ਦਾ ਜਲਦੀ ‘‘ਵਾਜਬ ਤੇ ਦੁਵੱਲੇ ਤੌਰ ’ਤੇ ਪ੍ਰਵਾਨਤ ਹੱਲ’’ ਕੱਢਣ ਲਈ ਅਹਿਦ ਪ੍ਰਗਟਾਇਆ ਹੈ ਜਦਕਿ ਦੋਵੇਂ ਦੇਸ਼ਾਂ ਦੇ ਵਿਸ਼ੇਸ਼ ਨੁਮਾਇੰਦਿਆਂਂ ਨੇ ਇਸ ਮੁੱਦੇ ’ਤੇ ਉਸਾਰੂ ਤੇ ਅਗਾਂਹਵਧੂ ਚਰਚਾ ਕੀਤੀ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੱਖਣੀ ਸਿਚੁਆਨ ਪ੍ਰਾਂਤ ਵਿਚ ਵਿਸ਼ੇਸ਼ ਨੁਮਾਇੰਦਿਆਂਂ ਦੀ 21ਵੀਂ ਗੇੜ ਦੀ ਵਾਰਤਾ ਕੀਤੀ। ਦੋਵੇਂ ਧਿਰਾਂ ਨੇ ਆਖਿਆ ਕਿ ਇਹ ਵਿਵਾਦ ਜਲਦੀ ਹੱਲ ਹੋਣ ਨਾਲ ਦੋਵੇਂ ਦੇਸ਼ਾਂ ਦੇ ਹਿੱਤ ਪੂਰੇ ਹੋਣਗੇ ਤੇ ਜਦੋਂ ਤੱਕ ਅੰਤਮ ਹੱਲ ਬਾਰੇ ਵਾਰਤਾ ਸਿਰੇ ਨਹੀਂ ਚੜ੍ਹ ਜਾਂਦੀ ਤਾਂ ਸਾਰੀਆਂ ਸਰਹੱਦਾਂ ’ਤੇ ਅਮਨ ਚੈਨ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਭਾਰਤ ਤੇ ਚੀਨ ਵਿਚਕਾਰ 3448 ਕਿਲੋਮੀਟਰ ਲੰਮੀ ਸਰਹੱਦ ਹੈ। ਇਸ ਤੋਂ ਇਲਾਵਾ ਚੀਨ ਅਰੁਣਾਚਲ ਪ੍ਰਦੇਸ਼ ’ਤੇ ਵੀ ਹੱਕ ਜਤਾਉਂਦਾ ਹੈ।
ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿਚ ਭਾਰਤ-ਚੀਨ ਰਣਨੀਤਕ ਸਬੰਧਾਂ ਦੇ ਲਿਹਾਜ ਤੋਂ ਸਰਹੱਦੀ ਸਵਾਲ ਨੂੰ ਮੁਖ਼ਾਤਬ ਹੋਣ ਦੀ ਅਹਿਮੀਅਤ ਦਰਸਾਈ ਗਈ ਹੈ ਅਤੇ ਇਹ ਸਹਿਮਤੀ ਬਣੀ ਹੈ ਕਿ ਸਰਹੱਦੀ ਵਿਵਾਦ ਦਾ ਛੇਤੀ ਨਿਬੇੜਾ ਦੋਵਾਂ ਦੇਸ਼ਾਂ ਦੇ ਬੁਨਿਆਦੀ ਹਿੱਤਾਂ ਦੀ ਪੂਰਤੀ ਕਰੇਗਾ।