ਕਾਂਗਰਸ ਨੇ ਮੇਰੀ ਮਾਂ ਨੂੰ ਗਾਲ੍ਹਾਂ ਦਿੱਤੀਆਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਰਾਜ ਬੱਬਰ ਵਲੋਂ ਭਾਰਤੀ ਰੁਪਏ ਦੀ ਡਿਗਦੀ ਕੀਮਤ ਦੀ ਤੁਲਨਾ ਉਨ੍ਹਾਂ ਦੀ ਮਾਂ ਦੀ ਉਮਰ ਨਾਲ ਕਰਨ ’ਤੇ ਆਖਿਆ ਕਿ ਜਿਨ੍ਹਾਂ ਲੋਕਾਂ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ ਉਹ ਹੀ ਦੂਜੇ ਦੀ ਮਾਂ ਬਾਰੇ ਮੰਦਾ ਬੋਲਦੇ ਹਨ। ਇੱਥੇ ਇਕ ਚੋਣ ਰੈਲੀ ਵਿਚ ਸ੍ਰੀ ਮੋਦੀ ਨੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਦੇਸ਼ ਦੇ 125 ਕਰੋੜ ਲੋਕ ਹੀ ਉਨ੍ਹਾਂ ਦੀ ਸਰਕਾਰ ਲਈ ਹਾਈ ਕਮਾਂਡ ਹਨ ਤੇ ਇਹ ਸਰਕਾਰ ਕਿਸੇ ਮੈਡਮ ਦੇ ਰਿਮੋਟ ਨਾਲ ਨਹੀਂ ਚੱਲ ਸਕਦੀ। ਰਾਜ ਬੱਬਰ ਦੀ ਟਿੱਪਣੀ ਦੇ ਸਬੰਧ ’ਚ ਕਾਂਗਰਸ ’ਤੇ ਹੱਲਾ ਬੋਲਦਿਆਂ ਸ੍ਰੀ ਮੋਦੀ ਨੇ ਆਖਿਆ ‘‘ ਮੈਂ ਇਹ ਦੁਖੀ ਮਨ ਨਾਲ ਕਹਿ ਰਿਹਾ ਹਾਂ, ਬਹੁਤ ਸਾਲ ਕਰਨ ਵਾਲੀ ਪਾਰਟੀ ਦੇ ਲੋਕ ਮੋਦੀ ਦਾ ਟਾਕਰਾ ਨਹੀਂ ਕਰ ਸਕਦੇ…ਜਦੋਂ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਸਾਰੇ ਹੀਲੇ ਨਿਹਫ਼ਲ ਹੋ ਗਏ ਤਾਂ ਉਹ ਹੁਣ ਮੇਰੀ ਮਾਂ ਨੂੰ ਗਾਲ੍ਹਾਂ ਦੇਣ ਲੱਗ ਪਏ ਹਨ, ਉਹ ਮੋਦੀ ਦੀ ਮਾਂ ਦਾ ਅਪਮਾਨ ਕਰ ਰਹੇ ਹਨ। ਜਦੋਂ ਕਿਸੇ ਕੋਲ ਕਹਿਣ ਲਈ ਕੋਈ ਮੁੱਦਾ ਨਹੀਂ ਹੁੰਦਾ ਤਾਂ ਉਹ ਕਿਸੇ ਹੋਰ ਦੀ ਮਾਂ ਬਾਰੇ ਗੱਲ ਕਰਨ ਲੱਗ ਪੈਂਦਾ ਹੈ। ਮੈਡਮ ਦੀ ਸਰਕਾਰ ਵੇਲੇ ਬੈਂਕਾਂ ਦੇ ਖਜ਼ਾਨੇ ਅਮੀਰਾਂ ਲਈ ਖਾਲੀ ਕਰ ਦਿੱਤੇ ਗਏ ਸਨ ਪਰ ਸਾਡੀ ਸਰਕਾਰ ਨੇ ਲੋੜਵੰਦ ਨੌਜਵਾਨਾਂ ਖਾਤਰ ਬੈਂਕਾਂ ਦੇ ਦਰ ਖੋਲ੍ਹ ਦਿੱਤੇ ਹਨ।’’ਉਨ੍ਹਾਂ ਕਿਹਾ ‘‘ ਉਨ੍ਹਾਂ ਕਾਂਗਰਸ ਨੂੰ ਚਿੰਤਾ ਹੋ ਰਹੀ ਹੈ ਕਿ ਲੋਕ ਸ਼ਿਵਰਾਜ ਨੂੰ ਮਾਮਾ ਕਿਉਂ ਕਹਿੰਦੇ ਹਨ… ਕਿਉਂਕਿ ਤੁਹਾਨੂੰ (ਓਤਾਵੀਓ) ਕੁਆਤਰੋਕੀ ਮਾਮਾ ਤੇ ਵਾਰੇਨ ਐਂਡਰਸਨ (ਯੂਨੀਅਨ ਕਾਰਬਾਈਡ ਦੇ ਸਾਬਕਾ ਚੇਅਰਮੈਨ) ਦੀ ਯਾਦ ਆਉਂਦੀ ਹੋਵੇਗੀ।’’