ਗ੍ਰਨੇਡ ਹਮਲਾ: ਦੂਜਾ ਸਾਜ਼ਿਸ਼ਕਰਤਾ ਅਵਤਾਰ ਸਿੰਘ ਵੀ ਕਾਬੂ

ਹਮਲੇ ਦੀਆਂ ਤਾਰਾਂ ਆਈਐਸਆਈ ਦੀ ਸ਼ਹਿ ਪ੍ਰਾਪਤ ਹਰਮੀਤ ਸਿੰਘ ਹੈਪੀ ਨਾਲ ਜੁੜੀਆਂ

ਪੰੰਜਾਬ ਪੁਲੀਸ ਨੇ ਦੂਜੇ ਅਤੇ ਮੁੱਖ ਸਾਜ਼ਿਸ਼ਕਰਤਾ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਨਿਰੰਕਾਰੀ ਸਤਸੰਗ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗੌਰਤਲਬ ਹੈ ਕਿ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਵਿੱਚ ਸ਼ਰਧਾਲੂਆਂ ’ਤੇ ਗ੍ਰਨੇਡ ਨਾਲ ਹਮਲਾ ਕਰਨ ਦੀ ਘਟਨਾ ਵਿਚ 3 ਵਿਅਕਤੀ ਹਲਾਕ ਹੋਏ ਸਨ ਅਤੇ 16 ਜ਼ਖਮੀ ਹੋ ਗਏ ਸਨ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਮਾਮਲੇ ਵਿੱਚ ਮੁੱਖ ਮੁਲਜ਼ਮ ਅਵਤਾਰ ਸਿੰਘ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਵਾਲੇ ਕੇਐਲਐਫ ਦੇ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ ਨਾਲ ਵੀ ਸਬੰਧ ਹੋਣ ਦੀ ਪੁਸ਼ਟੀ ਹੋਈ ਹੈ। ਸ੍ਰੀ ਅਰੋੜਾ ਨੇ ਦੱਸਿਆ ਕਿ ਹੈਪੀ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰਿਆਂ ’ਤੇ ਚੱਲਣ ਵਾਲੇ ਤੇ ਪੰਜਾਬ ਆਧਾਰਤ ਅਤਿਵਾਦੀ ਗੁੱਟ ਦਾ ਸਭ ਤੋਂ ਸਰਗਰਮ ਮੈਂਬਰ ਸੀ ਜੋ ਕਿ ਸਰਹੱਦੀ ਸੂਬੇ ਪੰਜਾਬ ਵਿੱਚ ਗਰੀਬ ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗ਼ਲਾ ਕੇ ਅਤਿਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਦਾ ਸੀ। ਉਨ੍ਹਾਂ ਕਸ਼ਮੀਰ ਦੇ ਅਤਿਵਾਦੀਆਂ ਵੱਲੋਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ’ਤੇ ਚਿੰਤਾ ਜ਼ਾਹਰ ਕੀਤੀ। ਸ੍ਰੀ ਅਰੋੜਾ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਡੀਜੀਪੀ ਕਾਨੂੰਨ ਤੇ ਵਿਵਸਥਾ ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਬਿਕਰਮਜੀਤ ਸਿੰਘ ਉਰਫ ਬਿਕਰਮ ਤੋਂ ਕੀਤੀ ਪੁਛਗਿੱਛ ਉਪਰੰਤ ਪੁਲੀਸ ਨੇ ਖਿਆਲਾ ਪਿੰਡ ਦੇ ਵਾਸੀ ਅਵਤਾਰ ਸਿੰਘ (32) ਨੂੰ ਅੱਜ ਸਵੇਰੇ ਉਸ ਦੇ ਚਾਚਾ ਤਰਲੋਕ ਸਿੰਘ ਦੀ ਮੋਟਰ ਤੋਂ ਗ੍ਰਿਫਤਾਰ ਕੀਤਾ ਹੈ। ਅਵਤਾਰ ਸਿੰਘ ਚੱਕ ਮਿਸ਼ਰੀ ਖਾਂ ਗਰੈਜੂਏਟ ਹੈ ਅਤੇ 2012 ਤੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਰਹਿੰਦਾ ਹੈ। ਉਹ ਆਪਣੇ ਪਿੰਡ ਵਿੱਚ ਇੱਕ ਹਕੀਮ ਦਾ ਕੰਮ ਕਰਦਾ ਸੀ ਅਤੇ ਉਸ ਦਾ ਕੋਈ ਵੀ ਪੁਰਾਣਾ ਪੁਲੀਸ ਰਿਕਾਰਡ ਨਹੀਂ ਹੈ। ਦੋਵੇਂ ਪਿਸਤੌਲ ਜੋ ਸਾਜ਼ਿਸ਼ਕਰਤਾਵਾਂ ਪਾਸ ਹਮਲੇ ਵਾਲੇ ਦਿਨ ਮੌਜੂਦ ਸਨ ਜਿਨਾਂ ਦੀ ਬਰਾਮਦਗੀ ਅਵਤਾਰ ਸਿੰਘ ਖਾਲਸਾ ਪਾਸੋਂ ਹੋਈ ਹੈ। ਜੋ ਹਥਿਆਰ ਬਰਾਮਦ ਹੋਏ ਹਨ ਉਨ੍ਹਾਂ ਵਿੱਚ ਦੋ ਪਿਸਤੌਲ (.32 ਬੋਰ), ਜਿਨਾਂ ਵਿੱਚੋਂ ਇੱਕ ਅਮਰੀਕਾ ਦਾ ਬਣਿਆ ਹੈ, ਚਾਰ ਮੈਗਜ਼ੀਨ ਤੇ 25 ਕਾਰਤੂਸ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ ਪੁਲੀਸ ਨੂੰ ਇਹ ਬਰਾਮਦਗੀ ਪਟਿਆਲਾ ਵਿੱੱਚ ਸ਼ਬਨਮਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ। ਅਵਤਾਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਵਟਸਐਪ ਜ਼ਰੀਏ ਦੁਬਈ ਵਿੱਚ ਰਹਿੰਦੇ ਪਾਕਿਸਤਾਨੀ ਨਾਗਰਿਕ ਜਾਵੇਦ ਦੇ ਲਗਾਤਾਰ ਸੰਪਰਕ ਵਿੱਚ ਸੀ। ਆਪਣੇ ਆਪ ਨੂੰ ਪਾਕਿਸਤਾਨ ਦਾ ਨਾਗਰਿਕ ਕਹਿਣ ਵਾਲਾ ਤੇ ਪੰਜਾਬੀ ਬੋਲਣ ਵਾਲੇ ਇਸ ਸ਼ਖ਼ਸ ਨੇ ਪਿੱਠ ਦੀ ਸਮੱਸਿਆ ਦੇ ਸਬੰਧ ਵਿੱਚ ਅਵਤਾਰ ਨਾਲ ਸੰਪਰਕ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਅਵਤਾਰ ਤੋਂ ਸਿੱਖ ਮਸਲਿਆਂ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰੇਰਤ ਕਰਨ ਲੱਗਾ। ਕੁਝ ਮਹੀਨੇ ਪਹਿਲਾਂ ਉਸ ਨੇ ਅਵਤਾਰ ਨੂੰ ਪਾਕਿਸਤਾਨ ਦੇ ਹੈਪੀ ਨਾਲ ਮਿਲਵਾਇਆ ਜਿਸ ਨੇ ਅਵਤਾਰ ਨੂੰ ਪੰਜਾਬ ਵਿੱਚ ਅਤਿਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ, ਜਿਸ ਤਹਿਤ 2016-17 ਵਿੱਚ ਆਰਐਸਐਸ ਦੇ ਲੋਕਾਂ ਅਤੇ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਮਿੱਥ ਕੇ ਹੱਤਿਆ ਕਰਨ ਲਈ ਕਿਹਾ। ਅਵਤਾਰ ਸਿੰਘ ਨੇ ਕਬੂਲਿਆ ਹੈ ਕਿ ਉਸ ਦੇ ਮਾਮੇ ਦਾ ਮੁੰਡਾ ਪਰਮਜੀਤ ਸਿੰਘ ਬਡਾਲਾ ਪੁਲੀਸ ਥਾਣਾ ਬਿਆਸ, ਇਟਲੀ ਰਹਿੰਦਾ ਹੈ ਅਤੇ ਪਰਮਜੀਤ ਸਿੰਘ ਦਾ ਵੱਡਾ ਭਰਾ ਸਰਬਜੀਤ ਸਿੰਘ ਜੋ ਪੁਲੀਸ ਵਿਚ ਸਿਪਾਹੀ ਸੀ ਅਤੇ ਉਹ ਕੇਐਲਐਫ (ਬੁੱਧਸਿੰਘ ਵਾਲਾ) ਧੜੇ ਵਿੱਚ ਸ਼ਾਮਲ ਹੋ ਗਿਆ ਸੀ ਪਰ ਸਰਬਜੀਤ ਸਿੰਘ 1992 ਵਿੱਚ ਰਈਆ (ਬਿਆਸ) ਨੇੜੇ ਹੋਏ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਦੋ ਮਹੀਨੇ ਪਹਿਲਾਂ ਉਸ ਨੇ ਇਟਲੀ ਰਹਿੰਦੇ ਪਰਮਜੀਤ ਨੂੰ ਪਿੰਡ ਵਿੱਚ ਕੁੱਝ ਵਿਰੋਧੀਆਂ ਨਾਲ ਸਿੱਝਣ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਉਸ ਨੇ ਇਹ ਭੇਜ ਦੇਣ ਦਾ ਭਰੋਸਾ ਦਿੱਤਾ। ਫਿਰ ਪਰਮਜੀਤ ਬਾਬਾ ਨੇ ਉਸ ਨੂੰ ਪਾਕਿਸਤਾਨ ਰਹਿੰਦੇ ਹੈਪੀ ਨਾਲ ਸੰਪਰਕ ਕਰਵਾ ਦਿੱਤਾ ਅਤੇ ਉਸ ਨੇ ਦੁਬਈ ਰਹਿੰਦੇ ਜਾਵੇਦ ਨਾਲ ਸੰਪਰਕ ਕਰਵਾਇਆ। ਅਕਤੂਬਰ ਦੇ ਅਖੀਰ ਜਾਂ ਨਵੰਬਰ ਦੀ ਸ਼ੁਰੂਆਤ ਵਿਚ ਅਵਤਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਵੱਟਸਐਪ ਸੰਦੇਸ਼ ਮਿਲਿਆ ਜਿਸ ਵਿਚ ਉਸ ਥਾਂ ਦਾ ਵੇਰਵਾ ਸੀ ਜਿੱਥੇ ਹਥਿਆਰਾਂ ਨੂੰ ਛੁਪਾ ਕੇ ਰੱਖਿਆ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਫਿਰ 3 ਨਵੰਬਰ ਨੂੰ ਅਵਤਾਰ ਨੇ ਬਿਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਅਗਲੇ ਦਿਨ ਸਵੇਰੇ ਉਸ ਨੂੰ ਤਿਆਰ ਹੋਣ ਲਈ ਕਿਹਾ। ਅਵਤਾਰ ਸਿੰਘ ਅਨੁਸਾਰ, ਉਹ ਅਤੇ ਬਿਕਰਮਜੀਤ 4 ਨਵੰਬਰ ਨੂੰ ਮਜੀਠਾ ਦੇ ਨਜ਼ਦੀਕੀ ਸਥਾਨ ’ਤੇ ਗਏ ਅਤੇ ਸਫਲਤਾਪੂਰਵਕ ਦੋ .32 ਬੋਰ ਪਿਸਤੌਲਾਂ, ਚਾਰ ਮੈਗਜ਼ੀਨ, 25 ਕਾਰਤੂਸ ਅਤੇ ਇਕ ਹੱਥ ਗ੍ਰਨੇਡ ਵਾਲੇ ਪੌਲੀਥੀਨ ਬੈਗ ਨੂੰ ਪ੍ਰਾਪਤ ਕਰਨ ਤੋਂ ਬਾਅਦ ਅਵਤਾਰ ਨੇ ਆਪਣੇ ਡਾਕਟਰੀ ਸਟੋਰ ਵਿਚ ਹਥਿਆਰਾਂ ਨੂੰ ਛੁਪਾ ਦਿੱਤਾ। ਫਿਰ 13 ਨਵੰਬਰ ਨੂੰ ਅਵਤਾਰ ਅਤੇ ਬਿਕਰਮ ਨੇ ਰਾਜਾਸਾਂਸੀ ਵਿਖੇ ਨਿਰੰਕਾਰੀ ਸਤਿਸੰਗ ਭਵਨ ਦੀ ਰੇਕੀ ਕੀਤੀ। ਇਸ ਤਰਾਂ 16 ਨਵੰਬਰ ਨੂੰ ਅਵਤਾਰ ਅਤੇ ਬਿਕਰਮ ਪਿੰਡ ਧਾਰੀਵਾਲ ਵਿਖੇ ਮਿਲੇ ਅਤੇ 18 ਨਵੰਬਰ ਨੂੰ ਹਮਲਾ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਪਰਮਜੀਤ ਬਾਬਾ ਨੇ ਉਸ ਨੂੰ ਪਾਕਿਸਤਾਨ ਵਿਚਲੇ ਹੈਪੀ ਦੇ ਸੰਪਰਕ ਵਿਚ ਰੱਖਿਆ, ਜੋ ਅਵਤਾਰ ਨੇ ਉਸ ਵਿਅਕਤੀ ਦੀ ਪਛਾਣ ਕੀਤੀ ਸੀ ਜੋ ਦੁਬਈ ਆਧਾਰਤ ਪਾਕਿਸਤਾਨੀ ਜਾਵੇਦ ਨੇ ਦਿੱਤਾ ਸੀ। ਹੈਪੀ ਨੇ ਅਵਤਾਰ ਨੂੰ ਵਾਅਦਾ ਕੀਤਾ ਕਿ ਉਹ ਉਸ ਲਈ ਹਥਿਆਰ ਦੀ ਵਿਵਸਥਾ ਕਰੇਗਾ। ਸਤਿਸੰਗ ਭਵਨ ’ਤੇ ਗ੍ਰਨੇਡ ਹਮਲੇ ਤੋਂ ਬਾਅਦ ਅਵਤਾਰ ਨੂੰ ਪਾਕਿਸਤਾਨ ਦੇ ਨੰਬਰ ਤੋਂ ਇਕ ਵਟਸਐਪ ਸੁਨੇਹਾ ਮਿਲਿਆ, ਜਿਸ ਨੇ ਉਸ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ ਅਤੇ ਉਸ ਨੂੰ ਤੁਰੰਤ ਵਾਪਸ ਫੋਨ ਕਰਨ ਲਈ ਕਿਹਾ। ਅਵਤਾਰ ਨੇ ਦਾਅਵਾ ਕੀਤਾ ਕਿ ਉਸ ਨੇ ਐਤਵਾਰ ਦੇ ਹਮਲੇ ਤੋਂ ਤੁਰੰਤ ਬਾਅਦ ਸੰਦੇਸ਼ ਅਤੇ ਨੰਬਰ ਨੂੰ ਫੋਨ ਵਿਚੋਂ ਮਿਟਾ ਦਿੱਤਾ ਸੀ। ਸ਼ੁਰੂਆਤੀ ਜਾਂਚ ਦੌਰਾਨ, ਦੋਸ਼ੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 2007 ਵਿੱਚ ਸ਼੍ਰੀ ਗੁਰੂ ਕਥਿਤ ਤੌਰ ’ਤੇ ਡੇਰਾ ਸਿਰਸਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਦੀ ਨਕਲ ਕਰਨ ਨੂੰ ਲੈ ਕੇ ਉਸ ਵਿਰੁੱਧ ਹੋਏ ਵਿਰੋਧ ਵਿਚ ਬਾਕਾਇਦਾ ਹਿੱਸਾ ਲਿਆ ਗਿਆ। ਇਸ ਪਿੱਛੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਮੈਂਬਰ ਬਣ ਕੇ ਕਮੇਟੀ ਦੁਆਰਾ ਸਥਾਨਕ ਪੱਧਰ ’ਤੇ ਕੀਤੇ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਲੈਂਦਾ ਰਿਹਾ। ਅਵਤਾਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ‘ਡੇਰਾਵਾਦ’ ਅਤੇ ਡੇਰਾ ਸੱਚਾ ਸੌਦਾ, ਦਿਵਿਆ ਜੋਤੀ ਜਾਗਰਤੀ ਸੰਸਥਾ, ਪਿਆਰਾ ਸਿੰਘ ਭਨਿਆਰੇਵਾਲਾ ਸਮੇਤ ਵਿਵਾਦਗ੍ਰਸਤ ਸਿੱਖ ਪ੍ਰਚਾਰਕਾਂ ਅਤੇ ਸਰਬਜੀਤ ਸਿੰਘ ਧੁੰਦਾ, ਇੰਦਰਜੀਤ ਸਿੰਘ ਘੱਗਾ ਅਤੇ ਹਿੰਦੂ ਸੱਜੇ ਪੱਖੀਆਂ ਆਦਿ ਖਿਲਾਫ਼ ਹੈ।