ਸਰਹੱਦੀ ਖੇਤਰ ਵਿੱਚ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ

ਹਲਕਾ ਭੋਆ ਦੇ ਪਿੰਡ ਸ਼ਾਦੀਪੁਰ ਵਿੱਚ ਸ਼ੁੱਕਰਵਾਰ ਨੂੰ ਸ਼ੱਕੀ ਵਿਅਕਤੀ ਦੇਖੇ ਜਾਣ ਮਗਰੋਂ ਅੱਜ ਦੂਸਰੇ ਦਿਨ ਵੀ ਪੁਲੀਸ ਨੇ ਨਜ਼ਦੀਕ ਪੈਂਦੇ ਸਾਰੇ ਪਿੰਡਾਂ ਵਿੱਚ ਚੈਕਿੰਗ ਅਭਿਆਨ ਜਾਰੀ ਰੱਖਿਆ। ਕਿਸਾਨ ਬਲਬੀਰ ਸਿੰਘ ਉਰਫ਼ ਕਾਕਾ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਉਹ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ ਤਾਂ ਉਸ ਦੇ ਟਰੈਕਟਰ ਦੀਆਂ ਲਾਈਟਾਂ ਸਾਹਮਣੇ ਕਰੀਬ 4 ਤੋਂ 6 ਸ਼ੱਕੀ ਵਿਅਕਤੀ ਲੰਘਦੇ ਦਿਖਾਈ ਦਿੱਤੇ। ਉਨ੍ਹਾਂ ਮੋਢਿਆਂ ’ਤੇ ਬੈਗ ਲਟਕਾਏ ਹੋਏ ਸਨ ਅਤੇ ਹਥਿਆਰਨੁਮਾ ਵਸਤੂਆਂ ਵੀ ਉਨ੍ਹਾਂ ਕੋਲ ਦਿਖਾਈ ਦਿੱਤੀਆਂ। ਉਸ ਨੇ ਪਿੰਡ ਆ ਕੇ ਇਸ ਦੀ ਸੂਚਨਾ ਸਰਪੰਚ ਸਮੀਰ ਸਿੰਘ ਉਰਫ਼ ਗੋਸ਼ਾ ਨੂੰ ਦਿੱਤੀ ਜਿਸ ਨੇ ਅੱਗੇ ਥਾਣਾ ਤਾਰਾਗੜ ਦੇ ਮੁਖੀ ਵਿਸ਼ਵਨਾਥ ਨੂੰ ਸੂਚਿਤ ਕੀਤਾ। ਵੱਡੀ ਗਿਣਤੀ ’ਚਪੁਲੀਸ ਘਟਨਾ ਵਾਲੀ ਥਾਂ ’ਤੇ ਪੁੱਜੀ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਚਲਾਈ ਪਰ ਅੱਜ ਦੂਸਰੇ ਦਿਨ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਉਧਰ ਸ਼ੁੱਕਰਵਾਰ ਦੇਰ ਰਾਤ ਨੂੰ ਸ਼ੱਕੀ ਦੇਖੇ ਜਾਣ ਤੋਂ ਬਾਅਦ ਅਲਰਟ ਚੱਲ ਰਹੇ ਸੁਰੱਖਿਆ ਮੁਲਾਜ਼ਮਾਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਬਮਿਆਲ ਕੋਲ ਪੈਂਦੇ ਮੰਗਿਆਲ ਮੋੜ ’ਤੇ ਉਂਝ ਦਰਿਆ ਤਰਫੋਂ ਰਾਤ ਕਰੀਬ 9.20 ਵਜੇ ਜੰਮੂ-ਕਸ਼ਮੀਰ ਨੰਬਰ ਦੀ ਆਲਟੋ ਕਾਰ (ਜੇਕੇ-08-ਈ-2622) ਨੇ ਪੁਲੀਸ ਦਾ ਨਾਕਾ ਤੋੜ ਕੇ ਪਿੰਡ ਮੁੱਠੀ ਵਿੱਚ ਆਉਣ ਦੀ ਕੋਸ਼ਿਸ਼ ਕੀਤੀ। ਅੱਗੇ ਕਾਰ ਸਵਾਰਾਂ ਨੂੰ ਪਨਟੂਨ ਪੁਲ ਨਾ ਮਿਲਣ ਕਾਰਨ ਉਹ ਗੱਡੀ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਬਾਅਦ ’ਚ ਪੁਲੀਸ ਪਾਰਟੀ ਨੇ ਕਾਰ ਨੂੰ ਲਾਵਾਰਸ ਹਾਲਤ ਵਿੱਚ ਬਰਾਮਦ ਕਰ ਲਿਆ। ਤਲਾਸ਼ੀ ਦੌਰਾਨ ਇਕ ਗੁਰਗਾਬੀ ਦਾ ਜੋੜਾ, ਕੈਂਚੀ ਚੱਪਲਾਂ ਦਾ ਜੋੜਾ ਅਤੇ ਹਰੇ ਰੰਗ ਦਾ ਪਟਕਾ ਬਰਾਮਦ ਹੋਏ ਹਨ। ਪਟਕੇ ਦੇ ਰੰਗ ਤੋਂ ਸਪੱਸ਼ਟ ਹੁੰਦਾ ਸੀ ਕਿ ਉਸ ਵਿੱਚ ਗੁੱਜਰ ਸਵਾਰ ਸਨ ਜੋ ਕਿ ਅਕਸਰ ਹੀ ਅਜਿਹਾ ਪਟਕਾ ਸਿਰ ’ਤੇ ਬੰਨ੍ਹਦੇ ਹਨ। ਪੁਲੀਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਆਲਟੋ ਕਾਰ ਛੱਡ ਕੇ ਭੱਜਣ ਵਾਲੇ ਸ਼ੱਕੀ ਪਸ਼ੂ ਸਮਗਲਰ ਜਾਪਦੇ ਹਨ। ਇਸ ਕਰਕੇ ਕੁਝ ਗੁੱਜਰਾਂ ਨੂੰ ਪੁੱਛ-ਗਿੱਛ ਲਈ ਸੱਦਿਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਕਿਸਾਨ ਦੀ ਸੂਚਨਾ ’ਤੇ ਗੰਨੇ ਦੇ ਖੇਤਾਂ ਅਤੇ ਹੋਰ ਸਥਾਨਾਂ ’ਤੇ ਸਰਚ ਅਭਿਆਨ ਚਲਾਇਆ ਗਿਆ ਪਰ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਪੁਲੀਸ ਨੂੰ ਖੇਤ ਵਿੱਚੋਂ ਪੈਰਾਂ ਦੇ ਕੋਈ ਨਿਸ਼ਾਨ ਵੀ ਨਜ਼ਰ ਨਹੀਂ ਆਏ ਹਨ।